ਅੰਮ੍ਰਿਤਸਰ : ਲੌਕਡਾਊਨ ਦੇ ਚਲਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਪਏ ਹਨ। ਇਸ ਕਾਰਨ ਕਈ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦੇ ਸ਼ਹਿਰ ਦੇ ਸੁਲਤਾਨ ਵਿੰਡ ਰੋਡ 'ਤੇ ਇੱਕ ਮਕਾਨ ਮਾਲਕ ਤੇ ਕਿਰਾਏਦਾਰ ਵਿਚਾਲੇ ਕਿਰਾਇਆ ਅਦਾ ਨਾ ਦਿੱਤੇ ਜਾਣ ਕਾਰਨ ਆਪਸੀ ਝਗੜਾ ਹੋ ਗਿਆ।
ਸਥਾਨਕ ਲੋਕਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਲੌਕਡਾਊਨ ਕਾਰਨ ਕੰਮ ਨਾ ਮਿਲਣ ਦੇ ਚਲਦੇ ਕਿਰਾਏਦਾਰ ਵੱਲੋਂ ਸਹੀ ਸਮੇਂ 'ਤੇ ਮਕਾਨ ਮਾਲਕ ਨੂੰ ਕਿਰਾਇਆ ਨਹੀਂ ਅਦਾ ਕੀਤਾ ਗਿਆ। ਜਿਸ ਕਾਰਨ ਮਕਾਨ ਮਾਲਿਕ ਤੇ ਕਿਰਾਏਦਾਰ ਵਿਚਾਲੇ ਝਗੜਾ ਹੋ ਗਿਆ। ਦੂਜੇ ਪਾਸੇ ਕਿਰਾਏਦਾਰ ਵੀ ਮਕਾਨ ਮਾਲਕ ਤੋਂ ਜਬਰਨ ਕਿਰਾਇਆ ਮੰਗੇ ਜਾਣ ਕਾਰਨ ਨਾਰਾਜ਼ ਸੀ। ਇਹ ਝਗੜਾ ਇੰਨਾ ਕੁੰ ਵੱਧ ਗਿਆ ਕਿ ਗੁੱਸੇ 'ਚ ਆ ਕੇ ਮਕਾਨ ਮਾਲਕ ਨੇ ਕਿਰਾਏਦਾਰ ਉੱਤੇ ਗੋਲੀਆਂ ਚਲਾਈਆਂ।
ਲੋਕਾਂ ਵੱਲੋਂ ਫਾਈਰਿੰਗ ਦੀ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪੁਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਬਾਰੇ ਦੱਸਦੇ ਹੋਏ ਏਸੀਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਾਂਚ ਦੌਰਾਨ ਦੋਸ਼ੀ ਪਾਏ ਗਏ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।