ਅੰਮ੍ਰਿਤਸਰ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਤਿੱਖਾ ਕਰ ਲਿਆ ਹੈ। ਅਜਿਹੇ 'ਚ ਬੀਤੇ ਕੱਲ ਕੇਂਦਰ ਨੇ 15 ਦਿਨਾਂ ਲਈ ਯਾਤਰੀ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਪਰ ਹੁਣ ਸਰਕਾਰ ਦੇ ਇਸ ਫੈਸਲੇ ਤੋਂ 'ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ' ਨੇ ਖ਼ੁਦ ਨੂੰ ਵੱਖ ਕਰ ਲਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਜਿਹੜੇ ਫੈਸਲੇ ਪਹਿਲੇ ਲਏ ਸਨ ਉਹ ਉਸ ਤਰ੍ਹਾਂ ਹੀ ਬਰਕਰਾਰ ਰਹਿਣਗੇ ਤੇ ਉਹ ਉਸ ਵੇਲੇ ਤੱਕ ਮੋਰਚਾ ਨਹੀਂ ਛੱਡਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ।
ਜ਼ਿਕਰੈ ਖ਼ਾਸ ਹੈ ਕਿ ਲੱਗਭਗ 30 ਕਿਸਾਨ ਜੱਥੇਬੰਦੀਆਂ ਨੇ ਬੀਤੇ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਵਿੱਚ ਕਿਸਾਨਾਂ ਨੇ 15 ਦਿਨਾਂ ਲਈ ਯਾਤਰੀ ਗੱਡੀਆਂ ਲਈ ਰਾਹ ਦੇਣ 'ਤੇ ਸਹਿਮਤੀ ਜਤਾਈ ਸੀ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮਾਲ ਗੱਡੀਆਂ ਲਈ ਟ੍ਰੈਕ ਪਹਿਲਾਂ ਤੋਂ ਹੀ ਖਾਲੀ ਹਨ ਤੇ ਉਹ ਰੇਲਵੇ ਸਟੇਸ਼ਨਾਂ ਤੋਂ ਪਾਸੇ ਨੇੜਲੇ ਮੈਦਾਨਾਂ 'ਚ ਪ੍ਰਦਰਸ਼ਨ ਕਰ ਰਹੇ ਹਨ।
ਪੰਧੇਰ ਨੇ ਕਿਹਾ ਕਿ ਸਿਰਫ ਮਾਲ ਗੱਡੀਆਂ ਲਈ ਟ੍ਰੈਕ ਖਾਲੀ ਹਨ ਅਤੇ ਜਥੇਬੰਦੀ ਦੀ ਛੇਤੀ ਹੀ ਕੋਰ ਕਮੇਟੀ ਦੀ ਮੀਟਿੰਗ 'ਚ ਇਸ ਮਸਲੇ ਨੂੰ ਵਿਚਾਰਿਆ ਜਾਵੇਗਾ। ਬਾਕੀ 30 ਜਥੇਬੰਦੀਆਂ ਆਪਣਾ ਫੈਸਲਾ ਲੈਣ ਨੂੰ ਆਜ਼ਾਦ ਹਨ, ਪਰ ਸਾਡੀ ਜੱਥੇਬੰਦੀ ਪਹਿਲੇ ਫੈਸਲੇ 'ਤੇ ਕਾਇਮ ਹੈ।