ਅੰਮ੍ਰਿਤਸਰ: ਅੱਜ ਇੱਥੋਂ ਦੇ ਹੋਲੀ ਸਿਟੀ ਵਿਖੇ ਕਿਸਾਨਾਂ ਦੇ ਹੱਕ ਵਿੱਚ ਇੱਕ ਵਿਸ਼ਾਲ ਜਾਗੋ ਮਾਰਚ ਕੱਢਿਆ ਗਿਆ। ਜਿਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਸ਼ਾਮਲ ਹੋਈਆਂ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਉਹ ਕਿਸਾਨੀ ਝੰਡੇ ਲੈ ਕੇ ਕਿਸਾਨੀ ਹੌਸਲੇ ਨੂੰ ਵਧਾਉਂਦੇ ਨਜਰ ਆਏ। ਇਹ ਜਾਗੋ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਠੀ ਕੋਲ ਦੀ ਗੁਜ਼ਰੀ।
ਇਸ ਜਾਗੋ ਵਿੱਚ ਮਹਿਲਾਵਾਂ,ਬੱਚੇ, ਆਦਮੀ ਵੀ ਸ਼ਾਮਿਲ ਸਨ ਜਿਨ੍ਹਾਂ ਵੱਲੋਂ ਕਿਸਾਨੀ ਦੀਆਂ ਬੋਲੀਆਂ ਪਾ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਇਸ ਮੌਕੇ ਮੌਜੂਦ ਅਦਾਕਾਰ ਨੀਤਾ ਦੇਵਗਨ ਤੇ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਦਾ ਕਹਿਣਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਸੁਤੀ ਪਈ ਹੈ ਉਸਨੂੰ ਜਗਉਣ ਵਾਸਤੇ ਇਹ ਜਾਗੋ ਕੱਢੀ ਗਈ ਹੈ। ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪੁੰਹਚਾਨ ਲਈ ਉਨ੍ਹਾਂ ਦੇ ਇਸ਼ਾਰਿਆਂ 'ਤੇ ਇਹ ਸਭ ਕੁੱਝ ਕਰ ਰਿਹਾ ਹੈ, ਅਸੀਂ ਅੱਗੇ ਕਾਲੀ ਦਿਵਾਲੀ ਮਨਾਈ ਸੀ ਤੇ ਹੁਣ ਸਾਨੂੰ ਜਿਹੜਾ ਨਵਾਂ ਸਾਲ ਆ ਰਿਹਾ ਹੈ ਉਹ ਵੀ ਕਿਤੇ ਕਾਲਾ ਨਾ ਮਨਾਉਣਾ ਪਵੇ।
ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਇਸ ਸੰਗਰਸ਼ ਵਿੱਚ ਸ਼ਹੀਦ ਹੋਏ ਹਨ, ਉਨ੍ਹਾਂ ਦੀ ਸ਼ਹਾਦਤ ਜਾਇਆ ਨਹੀਂ ਜਾਵੇਗੀ, ਪੰਜਾਬੀਆਂ ਨੇ ਹਰ ਤਰ੍ਹਾਂ ਦੇ ਮੌਸਮ ਆਪਣੇ ਸਰੀਰ 'ਤੇ ਹੰਢਾਏ ਹਨ ਉਨ੍ਹਾਂ ਨੂੰ ਠੰਡ ਦੀ ਕੋਈ ਪ੍ਰਵਾਹ ਨਹੀਂ।
ਇਸ ਮੌਕੇ 'ਤੇ ਮਹਿਲਾਵਾਂ ਵੱਲੋਂ ਬੋਲੀਆਂ ਪਾਕੇ, ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ। ਇਹ ਜਾਗੋ ਨਵਜੋਤ ਸਿੱਧੂ ਦੇ ਘਰ ਬਾਹਰ ਕਾਫ਼ੀ ਸਮਾਂ ਰੁਕੀ ਰਹੀ ਪਰ ਨਵਜੋਤ ਸਿੱਧੂ ਘਰੋਂ ਬਾਹਰ ਨਹੀਂ ਨਿਕਲੇ।