ਅੰਮ੍ਰਿਤਸਰ : ਪੰਜਾਬ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹੌਲੀ-ਹੌਲੀ ਘੱਟਦਾ ਨਜ਼ਰ ਆ ਰਿਹਾ ਹੈ। ਇਸ ਦੇ ਚਲਦੇ ਕੋਰੋਨਾ ਦੇ ਕੇਸਾਂ ਵਿੱਚ ਗਿਰਾਵਟ ਆਈ ਹੈ। ਕੋਰੋਨਾ ਕੇਸਾਂ 'ਚ ਕਮੀ ਆਉਣ ਮਗਰੋਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਵੀਕੈਂਡ ਲੌਕਡਾਊਨ ਤੇ ਕਰਫਿਊ ਦਾ ਸਮਾਂ ਘੱਟਾ ਦਿੱਤਾ ਹੈ। ਇੱਕ ਪਾਸੇ ਜਿਥੇ ਸਰਕਾਰ ਵੱਲੋਂ ਰੈਸਟੋਰੈਂਟ, ਹੋਟਲ, ਸਿਨੇਮਾ, ਜਿਮ ਆਦਿ ਨੂੰ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ। ਉਥੇ ਹੀ ਅਜੇ ਵੀ ਸਹੀ ਢੰਗ ਨਾਲ ਕਾਰੋਬਾਰ ਨਾ ਚੱਲਣ ਦੇ ਕਾਰਨ ਹੋਟਲ ਕਾਰੋਬਾਰੀ ਬੇਹਦ ਨਿਰਾਸ਼ ਹਨ।
ਇਸ ਸਬੰਧੀ ਈਟੀਵੀ ਭਾਰਤ ਨੇ ਗਰਾਊਂਡ ਜ਼ੀਰੋ 'ਤੇ ਹੋਟਲ ਕਾਰੋਬਾਰੀਆਂ ਦੀ ਪਰੇਸ਼ਾਨੀ ਜਾਨਣ ਦੀ ਕੋਸ਼ਿਸ਼ ਕੀਤੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇੱਕ ਨਿੱਜੀ ਹੋਟਲ ਦੇ ਮਾਲਕ ਜਗਦੀਪ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦੇ ਲੌਕਡਾਊਨ ਲੱਗਣ ਕਾਰਨ ਹੋਟਵ ਕਾਰੋਬਾਰੀਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਪੈ ਗਿਆ। ਇਸ ਦਰਮਿਆਨ ਕਮਾਈ ਨਾ ਹੋਣ ਦੇ ਚਲਦੇ ਉਨ੍ਹਾਂ ਕਾਫੀ ਨੁਕਸਾਨ ਝੱਲਣਾ ਪਿਆ।
ਸ੍ਰੀ ਹਰਿਮੰਦਰ ਸਾਹਿਬ ਨੇੜੇ ਹੋਟਲ ਕਾਰੋਬਾਰੀਆਂ ਦਾ ਕੰਮ ਹੋਇਆ ਠੱਪ
ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਹੋਟਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਹੈ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਉਨ੍ਹਾਂ ਕੋਲ ਵੱਡੀ ਗਿਣਤੀ 'ਚ ਯਾਤਰੀ ਠਹਿਰਣ ਆਉਂਦੇ ਸਨ ਤੇ ਉਨ੍ਹਾਂ ਦਾ ਕਾਰੋਬਾਰ ਚੰਗਾ ਚੱਲ ਰਿਹਾ ਸੀ। ਮਹਾਂਮਾਰੀ ਤੋਂ ਬਾਅਦ ਉਨ੍ਹਾਂ ਦਾ ਤੇ ਨੇੜਲੇ ਹੋਰਨਾਂ ਹੋਟਲ ਕਾਰੋਬਾਰੀਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਪੈ ਗਿਆ ਹੈ। ਕਿਉਂਕਿ ਗਾਹਕ ਨਾਂ ਆਉਣ ਦੇ ਚਲਦੇ ਉਨ੍ਹਾਂ ਕੋਲ ਹੋਟਲ ਦੇ ਖ਼ਰਚੇ ਜਿਵੇਂ, ਬਿਜਲੀ ਦੇ ਬਿੱਲ, ਸਟਾਫ ਦੀਆਂ ਤਨਖਾਹਾਂ ਆਦਿ ਤਾਂ ਹੋ ਰਹੇ ਹਨ, ਪਰ ਕਮਾਈ ਦਾ ਸਾਧਨ ਨਹੀਂ ਹੈ।
ਲੌਕਡਾਊਨ ਖੁੱਲ੍ਹਣ ਦੇ ਬਾਵਜੂਦ ਕਾਰੋਬਾਰ 'ਚ ਨਹੀਂ ਆਈ ਤੇਜ਼ੀ
ਜਗਦੇਵ ਸਿੰਘ ਨੇ ਆਖਿਆ ਕਿ ਕੋਰੋਨਾ ਕਾਲ ਵਿੱਚ ਆਵਾਜਾਈ ਬੇਹਦ ਪ੍ਰਭਾਵਤ ਹੋਈ ਹੈ। ਇਸ ਦੌਰਾਨ ਯਾਤਰੀਆਂ ਲਈ ਕੋਰੋਨਾ ਟੈਸਟ ਰਿਪੋਰਟ ਹੋਣਾ ਲਾਜ਼ਮੀ ਹੈ ਤੇ ਘੱਟ ਆਵਾਜਾਈ ਦੇ ਕਾਰਨ ਸੈਲਾਨੀ ਸ੍ਰੀ ਹਰਿਮੰਦ ਸਾਹਿਬ ਨਹੀਂ ਆ ਰਹੇ। ਲੌਕਡਾਊਨ ਦੇ ਕਾਰਨ ਵੀ ਉਨ੍ਹਾਂ ਨੂੰ ਬੇਹਦ ਜਿਆਦਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਕੋਲ ਵਿਦੇਸ਼ਾਂ ਤੇ ਦੇਸ਼ ਦੇ ਹੋਰਨਾਂ ਕਈ ਸੂਬਿਆਂ ਤੋਂ ਸੈਲਾਨੀ ਠਹਿਰਣ ਆਉਂਦੇ ਸਨ ,ਪਰ ਕੋਰੋਨਾ ਤੋਂ ਬਾਅਦ ਸੈਲਾਨੀਆਂ ਦੀ ਆਮਦ ਨਾ ਦੇ ਬਰਾਬਰ ਹੋ ਗਈ ਹੈ। ਉਨ੍ਹਾਂ ਆਖਿਆ ਕਿ ਬੇਸ਼ਕ ਸਰਕਾਰ ਨੇ ਲੌਕਡਾਊਨ ਆਦਿ ਵਿੱਚ ਢਿੱਲ ਦੇ ਦਿੱਤੀ ਹੈ, ਪਰ ਅਜੇ ਵੀ ਉਨ੍ਹਾਂ ਦੇ ਕਾਰੋਬਾਰ ਵਿੱਚ ਤੇਜ਼ੀ ਨਹੀਂ ਆਈ ਹੈ। ਗਾਹਕਾਂ ਨੂੰ ਆਕਰਸ਼ਤ ਕਰਨ ਲਈ ਉਨ੍ਹਾਂ ਵੱਲੋਂ ਕਈ ਆਫਰ ਦਿੱਤੇ ਜਾ ਰਹੇ ਹਨ।
ਵੈਕਸੀਨੇਸ਼ਨ ਕਰਵਾਉਣ ਵਾਲੇ ਗਾਹਕਾਂ ਲਈ ਵਿਸ਼ੇਸ਼ ਆਫਰ
ਹੋਟਲ ਕਾਰੋਬਾਰੀ ਜਗਦੇਵ ਨੇ ਦੱਸਿਆ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੋਰੋਨਾ ਵੈਕਸੀਨੇਸ਼ਨ ਬੇਹਦ ਜ਼ਰੂਰੀ ਹੈ। ਉਨ੍ਹਾਂ ਵੱਲੋਂ ਹੋਟਲ ਵਿੱਚ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਇਸ ਦੇ ਲਈ ਗਾਹਕਾਂ ਨੂੰ ਪ੍ਰੇਰਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੋਰੋਨਾ ਵੈਕਸੀਨੇਸ਼ ਕਰਵਾਉਣ ਵਾਲੇ ਗਾਹਕਾਂ ਦੇ ਲਈ ਵਿਸ਼ੇਸ਼ ਆਫਰ ਰੱਖਿਆ ਗਿਆ ਹੈ। ਜਿਹੜੇ ਗਾਹਕਾਂ ਨੇ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਲਈ ਹੋਵੇਗੀ ਉਨ੍ਹਾਂ ਨੂੰ ਹੋਟਲ ਖਰਚੇ 'ਤੇ 10 ਫੀਸਦੀ ਛੋਟ ਤੇ ਕੋਰੋਨਾ ਟੀਕੇ ਦੀਆਂ ਦੋਵੇਂ ਡੋਜ਼ ਲੈਣ ਵਾਲੇ ਗਾਹਕਾਂ ਨੂੰ ਹੋਟਲ ਖਰਚੇ 'ਤੇ 20 ਫੀਸਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਾਹਕਾਂ ਨੂੰ ਇਹ ਆਫਰ ਦੇਣ ਦਾ ਮੁਖ ਮਕਸਦ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਪ੍ਰਤੀ ਜਾਗਰੂਕ ਕਰਨਾ ਹੈ।
ਹੋਟਲ ਕਾਰੋਬਾਰੀਆਂ ਨੇ ਸਰਕਾਰ ਕੋਲੋਂ ਕੀਤੀ ਮਦਦ ਦੀ ਅਪੀਲ
ਜਗਦੇਵ ਸਿੰਘ ਨੇ ਕਿਹਾ ਕਿ ਬੇਸ਼ਕ ਸਰਕਾਰ ਵੱਲੋਂ ਵੀਕੈਂਡ ਲੌਕਡਾਊਨ ਤੇ ਕਰਫਿਊ ਦਾ ਸਮਾਂ ਘਟਾ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਗਾਹਕਾਂ ਦੀ ਆਮਦ ਨਹੀਂ ਵੱਧ ਸਕੀ ਹੈ। ਅਜੇ ਉਹ ਤੇ ਉਨ੍ਹਾਂ ਦੇ ਨੇੜਲੇ ਇਲਾਕੇ ਦੇ ਹੋਟਲ ਕਾਰੋਬਾਰੀਆਂ ਦਾ ਕੰਮ ਮੰਦਾ ਪਿਆ ਹੋਇਆ ਹੈ। ਬੀਤੇ ਸਾਲ ਤੋਂ ਲਗਾਤਾਰ ਹੋਟਲ ਕਾਰੋਬਾਰੀ ਨੁਕਸਾਨ ਦੇ ਚਲਦੇ ਅਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਕੋਲੋਂ ਹੋਟਲ ਕਾਰੋਬਾਰੀਆਂ ਲਈ ਰਾਹਤ ਦੇਣ, ਲੌਕਡਾਊਨ ਖ਼ਤਮ ਕਰਨ ਤੇ ਸੂਚਾਰੂ ਤੌਰ 'ਤੇ ਆਵਾਜਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਟੂਰਿਜ਼ਮ ਨੂੰ ਵਧਾਵਾ ਮਿਲ ਸਕੇ ਅਤੇ ਹੋਟਲ ਕਾਰੋਬਾਰੀਆਂ ਦਾ ਕੰਮ ਮੁੜ ਸ਼ੁਰੂ ਹੋ ਸਕੇ।