ਅੰਮ੍ਰਿਤਸਰ: ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਇੱਕ ਲੜਕੀ ਦੀ ਮੌਤ ਲਈ ਪਰਿਵਾਰ ਨੇ ਹਸਪਤਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਰਿਵਾਰ ਨੇ ਲੜਕੀ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਹਸਪਤਾਲ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਗਰੀਮਾ ਵਜੋਂ ਹੋਈ ਹੈ। ਮ੍ਰਿਤਕ ਨੂੰ ਦਰਦ ਹੋਣ ਕਾਰਨ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਮ੍ਰਿਤਕ ਲੜਕੀ ਦੇ ਚਾਚੇ ਨੀਟੂ ਨੇ ਦੱਸਿਆ ਕਿ ਗਰੀਮਾ ਨੂੰ ਦਰਦ ਹੋਣ 'ਤੇ ਉਨ੍ਹਾਂ ਨੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ। ਇਸ ਮਗਰੋਂ ਹਸਪਤਾਲ ਵਿੱਚ ਉਸ ਦਾ ਤਕਰੀਬ ਦੋ ਘੰਟੇ ਇਲਾਜ ਕੀਤਾ ਗਿਆ, ਤਕਰੀਬ ਤਿੰਨ ਘੰਟੇ ਤੋਂ ਬਾਅਦ ਹਸਪਤਾਲ ਨੇ ਲੜਕੀ ਦੇ ਇਲਾਜ ਤੋਂ ਹੱਥ ਖੜ੍ਹੇ ਕਰ ਦਿੱਤੇ ਅਤੇ ਇਸ ਨੂੰ ਕਿਸੇ ਹੋਰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਕਿਹਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਲੜਕੀ ਨੂੰ ਦੂਜੇ ਹਸਪਤਾਲ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਕਿਹਾ ਕਿ ਲੜਕੀ ਦੀ ਅੱਧਾ ਘੰਟਾ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਲੜਕੀ ਦੇ ਟੀਕਾ ਲਗਾਉਣ ਸਮੇਂ ਸੂਈ ਵੀ ਸਰੀਰ ਅੰਦਰ ਟੁੱਟੀ ਹੋਈ ਹੈ। ਮ੍ਰਿਤਕ ਲੜਕੀ ਦੇ ਚਾਚੇ ਨੇ ਕਿਹਾ ਕਿ ਗਲਤ ਤਰੀਕੇ ਨਾਲ ਟੀਕਾ ਲਗਾਉਣ ਕਾਰਨ ਹੀ ਉਨ੍ਹਾਂ ਦੀ ਲੜਕੀ ਦੀ ਮੌਤ ਹੋਈ ਹੈ।
ਮ੍ਰਿਤਕ ਦੇ ਚਾਚੇ ਨੇ ਮੰਗ ਕੀਤੀ ਕਿ ਜ਼ਿੰਮੇਵਾਰ ਮੈਡਕਿਲ ਸਟਾਫ ਅਤੇ ਹਸਪਤਾਲ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
ਇਸ ਬਾਰੇ ਥਾਣਾ ਮੁਖੀ ਰਾਜਵਿੰਦਰ ਕੌਰ ਨੇ ਕਿਹਾ ਕਿ 174 ਅਧੀਨ ਮਾਮਲਾ ਦਰਜ ਕਰਕੇ ਲੜਕੀ ਦਾ ਪੋਸਟਮਾਟਰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਬਾਰੇ ਜਦੋਂ ਸਬੰਧਤ ਹਸਪਤਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਕੁਝ ਵੀ ਆਖਣ ਤੋਂ ਇਨਕਾਰ ਕਰ ਦਿੱਤਾ।