ਅੰਮ੍ਰਿਤਸਰ: ਮਜੀਠਾ ਦੇ ਨੇੜੇ ਇਲਾਕਾ ਇਨਾਇਤਪੂਰਾ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਿਮੀਂਦਾਰਾਂ ਤੇ ਗੁੱਜਰਾਂ ਵਿੱਚ ਹੋਈ ਲੜਾਈ ਦੇ ਚੱਲਦੇ 2 ਗੁੱਜਰ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ 4 ਦੇ ਕਰੀਬ ਨੌਜਵਾਨ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਹੋਏ ਨੌਜਵਾਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮਾਮਲੇ ਦੀ ਜਾਣਕਾਰੀ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ 'ਤੇ ਬੋਲਦਿਆਂ ਹੋਏ ਗੁੱਜਰ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਰੇਹੜਾ ਲੈ ਕੇ ਪੱਠੇ ਲੈਣ ਲਈ ਜਾ ਰਹੇ ਸਨ ਤੇ ਦੂਜੇ ਪਾਸੇ ਜ਼ਿੰਮੀਂਦਾਰ ਟਰੈਕਟਰ ਟਰਾਲੀ ਲੈ ਕੇ ਆ ਰਹੇ ਸਨ। ਇਨ੍ਹਾਂ ਦੋਹਾਂ ਵਿੱਚ ਰਸਤਾ ਨਾ ਦੇਣ ਦੇ ਚੱਲਦੇ ਵਿਵਾਦ ਹੋ ਗਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਜ਼ਿਮੀਂਦਾਰਾਂ ਦੇ ਮੁੰਡਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਚੱਲਦੇ ਗੁੱਜਰ ਪਰਿਵਾਰ ਦੇ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਮਲਾ ਦੋ ਗੁੱਟਾਂ ਦੀ ਲੜਾਈ ਦਾ ਹੈ । ਇਸ ਵਾਰਦਾਤ ਦਾ ਪਤਾ ਚਲਦਿਆਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ 'ਤੇ ਉੱਪਰੋਂ ਆਦੇਸ਼ ਆਏ ਹਨ ਕਿ ਜੋ ਵੀ ਪੀੜਤ ਹੈ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਸਕੂਲਾਂ ਦੀਆਂ ਫੀਸਾਂ ਵਧਾਉਣ 'ਤੇ ਪਾਬੰਦੀ ਦੇ ਫੈਸਲੇ ਦੀ ਲੋਕਾਂ ਵੱਲੋਂ ਸ਼ਲਾਘਾ