ਅੰਮ੍ਰਿਤਸਰ : ਸ਼ਹਿਰ ਦੇ ਪ੍ਰੀਤ ਨਗਰ ਇਲਾਕੇ ਵਿੱਚ ਕੁੱਝ ਲੋਕਾਂ ਵੱਲੋਂ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਤੇ ਉਸ ਦੇ ਕੇਸਾਂ ਦੀ ਬੇਅਦਬੀ ਕਰਨਾ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਪੀੜਤ ਨੌਜਵਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਪ੍ਰੀਤ ਨਗਰ ਇਲਾਕੇ ਦਾ ਵਸਨੀਕ ਹੈ, ਉਹ ਬੀਤੇ ਕਈ ਸਾਲਾਂ ਤੋਂ ਇਥੇ ਰਹਿ ਰਿਹਾ ਹੈ। ਬੀਤੇ ਦਿਨ ਜਦੋਂ ਸ਼ਾਮ ਦੇ ਸਮੇਂ ਉਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਘਰ ਪਰਤਿਆ ਤਾਂ ਉਸ ਦੇ ਇਲਾਕੇ ਦੇ ਹੀ ਕੁੱਝ ਨੌਜਵਾਨ ਉਸ ਦੇ ਘਰ ਆ ਕੇ ਉਸ ਨਾਲ ਗਾਲੀ ਗਲੌਚ ਕਰਨ ਲੱਗ ਪਏ। ਜਦ ਉਸ ਨੇ ਉਕਤ ਨੌਜਵਾਨਾਂ ਨੂੰ ਗਾਲੀ ਗਲੌਚ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ। ਮੁਲਜ਼ਮਾਂ ਨੇ ਇਸ ਦੌਰਾਨ ਉਸ ਦੀ ਪੱਗ ਲਾਹ ਦਿੱਤੇ ਤੇ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ। ਪੀੜਤ ਦੀ ਪਤਨੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਜਦੋਂ ਆਪਣੇ ਮੋਬਾਈਲ ਰਾਹੀਂ ਇਸ ਘਟਨਾ ਦੀ ਵੀਡੀਓ ਬਣਾਉਣ ਲੱਗਾ ਤਾਂ ਉਕਤ ਮੁਲਜ਼ਮਾਂ ਦੇ ਘਰ ਦੀ ਦੋ ਔਰਤਾਂ ਵੀ ਉਹ ਨਾਲ ਕੁੱਟਮਾਰ ਕਰਨ ਲੱਗ ਪਈਆਂ ਤੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ।
ਅਮਨਦੀਪ ਸਿੰਘ ਦੇ ਮੁਤਾਬਕ ਕੁੱਟਮਾਰ ਕਰਨ ਵਾਲਾ ਨੌਜਵਾਨ ਨੀਰਜ ਦੀ ਉਸ ਨਾਲ ਘਰ ਦੀ ਦੀਵਾਰ 'ਤੇ ਕਬਜ਼ਾ ਕਰਨ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਇਸ ਸਬੰਧੀ ਉਹ ਕਈ ਵਾਰ ਪੁਲਿਸ ਕੋਲ ਸ਼ਿਕਾਇਤ ਦਰਜ ਕਰ ਚੁੱਕਾ ਹੈ, ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਪੀੜਤ ਪੱਖ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧ 'ਚ ਥਾਣਾ ਫਤਿਹਗੜ੍ਹ ਚੂੜੀਆਂ ਦੇ ਪੁਲਿਸ ਅਧਿਕਾਰੀ ਪੁਰਸ਼ੋਤਮ ਕੁਮਾਰ ਨੇ ਦੱਸਿਆ ਕਿ ਦੋਹਾਂ ਪੱਖਾਂ 'ਚ ਪੁਰਾਣੀ ਰੰਜਿਸ਼ ਹੈ, ਜਿਸ ਦੇ ਚਲਦੇ ਅਮਨਦੀਪ ਨਾਲ ਕੁੱਟਮਾਰ ਕੀਤੀ ਗਈ ਹੈ। ਦੋਵੇਂ ਧਿਰਾਂ ਵੱਲੋਂ ਘਰ ਦੀ ਇੱਕ ਸਾਂਝੀ ਦੀਵਾਰ 'ਤੇ ਆਪੋ-ਆਪਣਾ ਕਬਜ਼ਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹੁਣ ਵੀ ਉਨ੍ਹਾਂ ਕੋਲ ਦੋਵੇਂ ਧਿਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਦੋਸ਼ੀ ਪਾਏ ਜਾਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਕਾਮਯਾਬੀ, ਤਰਨ ਤਾਰਨ ਵਿੱਚ ਹਥਿਆਰ ਅਤੇ ਵਿਸਫੋਟਕ ਪਦਾਰਥ ਸਣੇ 3 ਕਾਬੂ