ਅੰਮ੍ਰਿਤਸਰ: ਜਿਵੇਂ ਹੀ ਪੰਜਾਬ ਚ 2022 ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਉਸ ਦੇ ਨਾਲ ਹੀ ਪੰਜਾਬ ਚ ਚੋਣ ਜਾਬਤਾ ਲੱਗ ਗਿਆ। ਜਿਸ ਤੋਂ ਬਾਅਦ ਲਗਾਤਾਰ ਹੀ ਰਾਜਨੀਤਿਕ ਪਾਰਟੀਆਂ ਵਲੋਂ ਲਗਾਏ ਆਪਣੇ ਇਸ਼ਤਿਹਾਰ ਹੁਣ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਉਤਾਰੇ ਜਾ ਰਹੇ ਹਨ। ਜਿਸ ਦੇ ਚੱਲਦੇ ਅੰਮ੍ਰਿਤਸਰ ਵਿੱਚ ਵੀ ਮਿਉਂਸਿਪਲ ਕਾਰਪੋਰੇਸ਼ਨ ਵੱਲੋਂ ਤਰਨਤਾਰਨ ਰੋਡ ’ਤੇ ਰਾਜਨੀਤਕ ਪਾਰਟੀਆਂ ਦੇ ਇਸ਼ਤਿਹਾਰ ਉਤਾਰੇ ਜਾ ਰਹੇ ਹਨ। ਇਸ ਦੌਰਾਨ ਮਿਉਂਸਿਪਲ ਕਾਰਪੋਰੇਸ਼ਨ ਦੇ ਵਿੱਚ ਕੱਚੇ ਮੁਲਾਜਮ ਦੇ ਤੌਰ ’ਤੇ ਕੰਮ ਕਰ ਰਿਹਾ 22 ਸਾਲਾਂ ਨੌਜਵਾਨ ਨੂੰ ਇਸ਼ਤਿਹਾਰ ਉਤਾਰਦੇ ਸਮੇਂ ਖੰਭੇ ਤੋਂ ਕਰੰਟ ਪੈਣ ਨਾਲ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋਂ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੌਬੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੱਚੇ ਮੁਲਾਜ਼ਮ ਦੇ ਤੌਰ ’ਤੇ ਸਫ਼ਾਈ ਸੇਵਕ ਦਾ ਕੰਮ ਕਰਦਾ ਹੈ ਪਰ ਸੈਨਟਰੀ ਇੰਸਪੈਕਟਰ ਰਾਕੇਸ਼ ਗਿੱਲ ਵੱਲੋਂ ਜ਼ਬਰਦਸਤੀ ਉਸਨੂੰ ਬੋਰਡ ਉਤਾਰਨ ਲਈ ਲਾ ਦਿੱਤਾ ਗਿਆ। ਜਿਸ ਤੋਂ ਬਾਅਦ ਉਸਦੀ ਖੰਭੇ ਤੋਂ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਇਸ ਦੌਰਾਨ ਬੌਬੀ ਨੂੰ ਉੱਥੇ ਛੱਡ ਕੇ ਸਾਰੇ ਮੁਲਾਜ਼ਮ ਰਫੂਚੱਕਰ ਹੋ ਗਏ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤੱਕ ਨਗਰ ਨਿਗਮ ਦੇ ਅਧਿਕਾਰੀਆਂ ਦੇ ਉੱਤੇ ਮਾਮਲਾ ਦਰਜ ਨਹੀਂ ਹੁੰਦਾ ਉਦੋਂ ਤੱਕ ਉਨ੍ਹਾਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਰਹੇਗਾ।
ਦੂਜੇ ਪਾਸੇ ਪੀੜਤ ਪਰਿਵਾਰ ਦੀ ਸਾਰ ਲੈਣ ਪਹੁੰਚੇ ਵਿਧਾਨ ਸਭਾ ਹਲਕਾ ਦੱਖਣੀ ਅਕਾਲੀ ਦਲ ਦੇ ਉਮੀਦਵਾਰ ਤਲਬੀਰ ਗਿੱਲ ਦਾ ਕਿਹਾ ਹੈ ਕਿ ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਪੱਕੇ ਮੁਲਾਜ਼ਮ ਆਪ ਕੰਮ ਨਹੀਂ ਕਰਦੇ ਤੇ ਕੱਚੇ ਮੁਲਾਜ਼ਮਾਂ ਕੋਲੋਂ ਬਹੁਤ ਜ਼ਿਆਦਾ ਕੰਮ ਕਰਵਾਇਆ ਜਾਂਦਾ ਹੈ ਜਿਸ ਦਾ ਨਤੀਜਾ ਅੱਜ ਦੇਖਣ ਨੂੰ ਮਿਲਿਆ ਕਿ ਇੱਕ ਗ਼ਰੀਬ ਘਰ ਦਾ ਲੜਕਾ ਨਜਾਇਜ਼ ਮੌਤ ਮਾਰਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਡੀ ਪੀੜਤ ਪਰਿਵਾਰ ਨਾਲ ਹਮਦਰਦੀ ਅਤੇ ਜਿੰਨੀ ਦੇਰ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਕਾਲੀ ਦਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਇਆ ਹੈ।
ਦੂਜੇ ਪਾਸੇ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਣਕਾਰੀ ਮਿਲੀ ਸੀ ਕਿ ਬੋਰਡ ਉਤਾਰਦੇ ਸਮੇਂ ਨੌਜਵਾਨ ਦੀ ਮੌਤ ਹੋਈ ਹੈ ਅਤੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਵਾਲਿਆਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਦਿਵਾਇਆ ਜਾਵੇਗਾ।
ਇਹ ਵੀ ਪੜੋ: ਪੰਜਾਬ ਦੌਰੇ ’ਤੇ ਅਰਵਿੰਦ ਕੇਜਰੀਵਾਲ, ਕਿਹਾ-ਅਗਲੇ ਹਫਤੇ ਹੋਵੇਗਾ ਸੀਐੱਮ ਚਿਹਰੇ ਦਾ ਐਲਾਨ