ਅੰਮ੍ਰਿਤਸਰ: ਸ਼ਹਿਰ ਦੇ ਇਸਲਾਮਾਬਾਦ ਚੌਕ ਨੇੜੇ ਇੱਕ ਸਕੂਲ ਵੈਨ ਤੇ ਆਟੋ ਦੀ ਭਿਆਨਕ ਟੱਕਰ ਹੋਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 3 ਲੋਕ ਗੰਭੀਰ ਜ਼ਖਮੀ ਹੋ ਗਏ।
ਮ੍ਰਿਤਕ ਵਿਅਕਤੀ ਦੀ ਪਛਾਣ 60 ਸਾਲਾ ਸੁਨੀਲ ਸ਼ਰਮਾ ਵਜੋਂ ਹੋਈ ਹੈ। ਹਾਦਸੇ ਬਾਰੇ ਦੱਸਦੇ ਹੋਏ ਮ੍ਰਿਤਕ ਦੇ ਪੁੱਤਰ ਮਨੀਸ਼ ਨੇ ਦੱਸਿਆ ਕਿ ਉਹ ਪੂਰੇ ਪਰਿਵਾਰ ਨਾਲ ਇੱਕ ਧਾਰਮਿਕ ਸਮਾਗਮ 'ਚ ਹਿੱਸਾ ਲੈ ਕੇ ਵਾਪਸ ਪਰਤ ਰਹੇ ਸਨ। ਜਿਸ ਵੇਲੇ ਉਹ ਇਸਲਾਮਾਬਾਦ ਚੌਕ ਕੋਲ ਪੁੱਜੇ ਤਾਂ ਉਥੇ ਇੱਕ ਸਕੂਲ ਵੈਨ ਨੇ ਉਨ੍ਹਾਂ ਦੇ ਆਟੋ ਵਿੱਚ ਜ਼ਬਰਦਸਤ ਟੱਕਰ ਮਾਰੀ। ਜਿਸ ਕਾਰਨ ਆਟੋ ਚਾਲਕ ਸਣੇ ਉਨ੍ਹਾਂ ਦੇ ਪਰਿਵਾਰ ਦੇ 3 ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਹਸਪਤਾਲ ਲਿਜਾਂਦੇ ਹੋਏ ਉਸ ਦੇ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਕੂਲ ਵੈਨ ਚਾਲਕ ਹਾਦਸੇ ਤੋਂ ਬਾਅਦ ਮੌਕ ਤੋਂ ਫਰਾਰ ਹੋ ਗਿਆ।
ਇਸ ਬਾਰੇ ਜਾਂਚ ਕਰ ਰਹੇ ਪੁਲਿਸ ਅਧਿਆਕਾਰੀ ਦੱਸਿਆ ਕਿ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲ ਵੈਨ ਚਾਲਕ ਗ਼ਲਤ ਸਾਈਡ ਤੋਂ ਆ ਰਿਹਾ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਸਕੂਲ ਵੈਨ ਚਾਲਕ ਦੀ ਭਾਲ ਜਾਰੀ ਹੈ।