ਅੰਮ੍ਰਿਤਸਰ : ਸੰਗਰੂਰ ਵਿਖੇ ਬੋਰਵੈਲ ਵਿੱਚ ਫਸੇ ਹੋਏ 2 ਸਾਲਾ ਬੱਚੇ ਫ਼ਤਿਹਵੀਰ ਲਈ ਪਿਛਲੇ 48 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਬਚਾਅ ਕਾਰਜ ਜਾਰੀ ਹੈ। ਇਸ ਕਾਰਜ ਵਿੱਚ ਮਦਦ ਕਰਨ ਲਈ ਚੀਫ਼ ਇੰਜੀਨੀਅਰ ਜਸਵੰਤ ਸਿੰਘ ਮਦਦ ਕਰਨਾ ਚਾਹੁੰਦੇ ਹਨ ਪਰ ਉਹ ਸਰਕਾਰੀ ਨਿਰਦੇਸ਼ ਜਾਰੀ ਨਾ ਹੋਣ ਕਾਰਨ ਬਿਨ੍ਹਾਂ ਸਰਕਾਰੀ ਸਹਾਇਤਾ ਦੇ ਇਸ ਕੰਮ ਨੂੰ ਪੂਰਾ ਨਹੀਂ ਕਰ ਸਕਦੇ।
ਚੀਫ਼ ਇੰਜਨੀਅਰ ਜਸਵੰਤ ਸਿੰਘ ਨੇ ਸਰਕਾਰੀ ਕਾਰਜ ਪ੍ਰਣਾਲੀ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਇੱਕੋ ਹੀ ਤਕਨੀਕ ਨੂੰ ਵਾਰ -ਵਾਰ ਦੁਹਰਾ ਰਹੀ ਹੈ ਜਦਕਿ ਅਜਿਹੀਆਂ ਕਈ ਨਵੀਂਆਂ ਤਕਨੀਕਾਂ ਮੌਜੂਦ ਹਨ ਜਿਸ ਨਾਲ ਅਜਿਹੇ ਕੇਸ ਵਿੱਚ ਜਲਦ ਤੋਂ ਜਲਦ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਘਟਨਾ ਵਾਲੀ ਥਾਂ 'ਤੇ ਜਾ ਕੇ ਫ਼ਤਿਹਵੀਰ ਨੂੰ ਬਚਾਉਣ ਲਈ ਤਿਆਰ ਹਨ ਪਰ ਬਸ਼ਰਤੇ ਸਰਕਾਰ ਉਨ੍ਹਾਂ ਨੂੰ ਲੈ ਕੇ ਜਾਵੇ ਕਿਉਂਕਿ ਉਨ੍ਹਾਂ ਕੋਲ ਇੰਨੇ ਵਸੀਲੇ ਨਹੀਂ ਹਨ ਕਿ ਉਹ ਆਪਣੇ ਕੋਲੋਂ ਖ਼ਰਚਾ ਕਰਕੇ ਜਾ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸਰਕਾਰ ਨੂੰ ਤਜ਼ਰਬੇਕਾਰ ਵਿਅਕਤੀਆਂ ਦੀ ਟੀਮ ਦੀ ਮਦਦ ਲੈਣੀ ਚਾਹੀਦੀ ਹੈ ਤਾਂ ਜੋ ਅਜਿਹੇ ਕੇਸਾਂ ਵਿੱਚ ਬਚਾਅ ਕਾਰਜ 'ਚ ਅਸਾਨੀ ਹੋ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਸ ਵੇਲੇ ਹੀ ਯਾਦ ਆਉਂਦੀ ਹੈ ਜਦੋ ਅਜਿਹੀ ਕੋਈ ਸਥਿਤੀ ਸਿਰ 'ਤੇ ਪੈ ਜਾਂਦੀ ਹੈ। ਅਜਿਹੇ ਕੇਸਾਂ ਦੀ ਰੋਕਥਾਮ ਲਈ ਕਈ ਰੂਲਸ ਅਤੇ ਰੈਗੂਲੇਸ਼ਨਸ ਬਣੇ ਹੋਏ ਹਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ। ਇਨ੍ਹਾਂ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਅਜਿਹੇ ਹਾਦਸਿਆਂ ਲਈ ਕੌਮੀ ਪੱਧਰ ਤੇ ਨਿਯਮ ਬਣਾਏ ਜਾਣੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਗਿੱਲ ਨੇ ਪੱਛਮ ਬੰਗਾਲ ਵਿੱਚ ਇੱਕ ਕੋਲੇ ਦੀ ਖਾਣ 'ਚ ਫਸੇ 64 ਮਜ਼ਦੂਰਾਂ ਦੀ ਜਾਨ ਬਚਾਈ ਸੀ। ਅੱਜ ਚੌਥਾ ਦਿਨ ਹੋ ਚੁੱਕਿਆ ਹੈ ਪਰ ਅਜੇ ਤੱਕ ਫ਼ਤਿਹਵੀਰ ਨੂੰ ਬੋਰਵੈਲ ਵਿੱਚੋਂ ਨਹੀਂ ਕੱਢਿਆ ਜਾ ਸਕਿਆ। ਬਚਾਅ ਕਾਰਜ ਅਖ਼ੀਰਲੇ ਪੜਾਅ 'ਤੇ ਹਨ।