ਅੰਮ੍ਰਿਤਸਰ : ਬੇਸ਼ੱਕ ਸੜਕ ਉੱਤੇ ਚਲਦਿਆਂ ਅਨੇਕਾਂ ਹਾਦਸੇ ਵਾਪਰ ਜਾਂਦੇ ਹਨ ਅਤੇ ਇਸ ਦੌਰਾਨ ਕਈ ਵਾਰ ਕੀਮਤੀ ਜਾਨਾਂ ਵੀ ਅਜਿਹੇ ਹਾਦਸਿਆਂ ਦੀ ਭੇਂਟ ਚੜ੍ਹ ਜਾਂਦੀਆਂ ਹਨ ਪਰ ਕਹਿੰਦੇ ਜਦ ਪ੍ਰਮਾਤਮਾ ਨੇ ਰੱਖਣਾ ਹੋਵੇ ਤਾਂ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
ਸ਼ਨੀਵਾਰ ਤੜਕਸਾਰ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ਉੱਤੇ ਢਿੱਲਵਾਂ ਟੋਲ ਪਲਾਜ਼ੇ ਨੇੜੇ ਆਪਣੀ ਕਾਰ ਵਿੱਚ ਸਵਾਰ ਹੋ ਨੰਗਲ ਤੋਂ ਡੇਰਾ ਬਿਆਸ ਜਾ ਰਹੇ ਇੱਕ ਪਰਿਵਾਰ ਨਾਲ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪਲਟ ਗਈ। ਇਸ ਦੌਰਾਨ ਗ਼ਨੀਮਤ ਇਹ ਰਹੀ ਕਿ ਡਰਾਈਵਰ ਸਣੇ ਕਾਰ ਵਿੱਚ ਸਵਾਰ 7 ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਅਤੇ ਹਲਕੇ ਜ਼ਖਮੀਆਂ ਨੂੰ ਪੁਲਿਸ ਅਤੇ ਡੇਰਾ ਬਿਆਸ ਟ੍ਰੈਫ਼ਿਕ ਟੀਮ ਵੱਲੋਂ ਮੌਕੇ ਉੱਤੇ ਪਹੁੰਚ ਕੇ ਇਲਾਜ ਲਈ ਭੇਜ ਦਿੱਤਾ ਗਿਆ।
ਡਰਾਈਵਰ ਰੁਲਦਾ ਰਾਮ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਿੰਡ ਸੇਂਸੋਵਾਲ, ਨੰਗਲ ਜ਼ਿਲ੍ਹਾ ਰੋਪੜ ਤੋਂ ਡੇਰਾ ਬਿਆਸ ਆ ਰਹੇ ਸੀ ਕਿ ਢਿੱਲਵਾਂ ਨੇੜੇ ਉਕਤ ਭਿਆਨਕ ਸੜਕ ਹਾਦਸਾ ਵਾਪਰ ਗਿਆ। ਉਹਨਾਂ ਦੱਸਿਆ ਕਿ ਅਚਾਨਕ ਪਤਾ ਹੀ ਨੀ ਚੱਲਿਆ ਉੱਤੇ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਕਾਰ ਵਿੱਚ ਸਵਾਰ ਪਰਿਵਾਰ ਦੇ 7 ਮੈਂਬਰਾਂ ਸਣੇ ਓਹ ਠੀਕ ਹਨ।
ਘਟਨਾ ਦੀ ਜਾਣਕਾਰੀ ਮਿਲਣ ਉੱਤੇ ਤੁਰੰਤ ਮੌਕੇ ਉੱਤੇ ਪਹੁੰਚੇ ਥਾਣਾ ਢਿੱਲਵਾਂ ਦੇ ਹਾਈਵੇ ਪੈਟਰੋਲਿੰਗ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਣ ਉੱਤੇ ਉਹ ਉੱਥੇ ਪਹੁੰਚੇ ਅਤੇ ਡਰਾਈਵਰ ਸਮੇਤ ਕੁੱਲ 8 ਲੋਕ ਕਾਰ ਵਿੱਚ ਸਵਾਰ ਸੀ। ਜੋ ਕਿ ਠੀਕ ਹਨ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਮੌਕੇ ਉੱਤੇ ਪਹੁੰਚੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੇਵਾਦਾਰਾਂ ਵੱਲੋਂ ਕਾਫੀ ਮਦਦ ਕੀਤੀ ਗਈ ਹੈ ਅਤੇ ਟ੍ਰੈਫ਼ਿਕ ਨਿਰੰਤਰ ਚਾਲੂ ਹੈ।
ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਲੱਗੀ ਅੱਗ, ਚਾਲਕ ਨੇ ਭੱਜ ਕੇ ਬਚਾਈ ਜਾਨ