ਅੰਮ੍ਰਿਤਸਰ: ਪੂਰੇ ਸੰਸਾਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਕਰਕੇ ਦੇਸ਼ਾਂ ਦਾ ਸਮਾਜਿਕ, ਧਾਰਮਿਕ ਅਤੇ ਆਰਥਿਕ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਭਾਰਤ 'ਚ ਵੀ ਤਾਲਾਬੰਦੀ ਕੀਤੀ ਗਈ ਹੈ, ਜਿਸ ਕਰਕੇ ਲੋਕਾਂ ਦੇ ਕੰਮਕਾਰ ਪ੍ਰਭਾਵਿਤ ਹੋ ਰਹੇ ਹਨ।
ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਸਰਕਾਰ ਵੱਲੋਂ ਯਤਨ ਜਾਰੀ ਹਨ ਪਰ ਅਜਿਹੇ ਵਿੱਚ ਜਿੱਥੇ ਰੋਜ਼ਾਨਾ ਕੰਮਕਾਰ ਕਰਕੇ ਆਪਣਾ ਪਰਿਵਾਰ ਪਾਲਣ ਵਾਲੇ ਲੋਕਾਂ ਨੂੰ ਸਮੱਸਿਆਵਾਂ ਆਈਆਂ, ਉੱਥੇ ਹੀ ਬੇਘਰ ਸੜਕਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਧਾਰਮਿਕ ਸਥਾਨਾਂ ਦੇ ਕੋਲ ਆਪਣਾ ਜੀਵਨ ਬਸਰ ਕਰਨ ਵਾਲੇ ਭਿਖਾਰੀਆਂ ਨੂੰ ਵੀ ਇਸ ਬਿਪਤਾ ਦੀ ਘੜੀ ਵਿੱਚ ਔਖੇ ਦਿਨ ਕੱਟਣੇ ਪੈ ਰਹੇ ਹਨ।
ਅੰਮ੍ਰਿਤਸਰ ਵਿੱਚ ਭਿਖਾਰੀ ਮੁੱਖ ਤੌਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਸ ਪਾਸ, ਬੱਸ ਅੱਡੇ, ਰੇਲਵੇ ਸਟੇਸ਼ਨ, ਪੁਲਾਂ ਅਤੇ ਸੜਕਾਂ ਦੇ ਕੰਢਿਆਂ 'ਤੇ ਖੁੱਲ੍ਹੇ ਆਸਮਾਨ ਹੇਠ ਜੀਵਨ ਬਸਰ ਕਰ ਰਹੇ ਹਨ। ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਭਿਖਾਰੀਆਂ ਲਈ ਕੋਈ ਸੁਚੱਜੇ ਪ੍ਰਬੰਧ ਨਹੀਂ ਕੀਤੇ ਗਏ।
ਈਟੀਵੀ ਭਾਰਤ ਵੱਲੋਂ ਇਸ ਸਬੰਧੀ ਮੰਗ ਕੇ ਖਾਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਾਲਾਬੰਦੀ ਦੇ ਕਾਰਨ ਜਦੋਂ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ ਤਾਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਔਖੇ ਦਿਨ ਦੇਖਣੇ ਪਏ। ਰੇਲਵੇ ਸਟੇਸ਼ਨ ਦੇ ਕੋਲ ਪੁਲ ਉੱਪਰ ਪਿਛਲੇ 5 ਸਾਲ ਤੋਂ ਬੈਠੇ ਇੱਕ ਨੇਤਰਹੀਨ ਜੋੜੇ ਨੇ ਦੱਸਿਆ ਕਿ ਉਹ ਆਮ ਲੋਕਾਂ 'ਤੇ ਨਿਰਭਰ ਹਨ ਪਹਿਲਾਂ ਲੋਕ ਆਉਂਦੇ ਤਾਂ ਉਨ੍ਹਾਂ ਨੂੰ ਕੁਝ ਨਾ ਕੁਝ ਖਾਣ ਨੂੰ ਮਿਲਦਾ ਸੀ ਪਰ ਜਦੋਂ ਤੋਂ ਤਾਲਾਬੰਦੀ ਹੋਈ ਹੈ ਉਦੋਂ ਤੋਂ ਨਾ ਤਾਂ ਸਰਕਾਰ ਨੇ ਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਸਾਰ ਲਈ।
ਲੌਕਡਾਊਨ ਕਾਰਨ ਲੋਕ ਘਰਾਂ ਤੱਕ ਸੀਮਤ ਹੋ ਕੇ ਰਹਿ ਗਏ ਸਨ। ਹੁਣ ਜਦੋਂ ਸਰਕਾਰ ਵੱਲੋਂ ਆਮ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਗਈ ਹੈ ਤਾਂ ਇਨ੍ਹਾਂ ਮੰਗਤਿਆਂ ਨੂੰ ਵੀ ਕੁਝ ਖਾਣ ਲਈ ਮਿਲਣ ਦੀ ਆਸ ਬੱਝੀ ਹੈ। ਮੰਗਣ ਵਾਲਿਆਂ ਨੇ ਦੱਸਿਆ ਕਿ ਉਹ ਦੁਕਾਨਾਂ ਦੇ ਬੰਦ ਸ਼ਟਰਾਂ ਦੇ ਅੱਗੇ ਹੀ ਸੌਂਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਆਸ ਪਾਸ ਰਹਿਣ ਵਾਲੇ ਭਿਖਾਰੀਆਂ ਨੂੰ ਜ਼ਿਆਦਾ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਕਿਉਂਕਿ ਉਨ੍ਹਾਂ ਨੂੰ ਢਿੱਡ ਭਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਸਮੇਂ ਖਾਣਾ ਦਿੱਤਾ ਜਾਂਦਾ ਰਿਹਾ ਤੇ ਹੁਣ ਵੀ ਜਾਰੀ ਹੈ।