ਅੰਮ੍ਰਿਤਸਰ: ਸਥਾਨਕ ਸ਼ਹਿਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਰਾਸ਼ਟਰੀ ਮਾਰਗਾਂ ਦੇ ਨਿਰਮਾਣ ਬਾਰੇ ਜ਼ਿਲ੍ਹਾ ਅਧਿਕਾਰੀਆਂ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਨਾਲ ਇੱਕ ਵਿਸਥਾਰਤ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਬੈਠਕ 'ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ, ਖੇਮਕਰਨ ਤੋਂ ਵਾਇਆ ਰਾਜਾਸਾਂਸੀ ਹਵਾਈ ਅੱਡਾ ਰਾਮਦਾਸ, ਡੇਰਾ ਬਾਬਾ ਨਾਨਕ ਤੱਕ ਜਾਣ ਵਾਲੇ ਰਸਤੇ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਮੀਟਿੰਗ ਵਿੱਚ ਸੜਕ ਨਿਰਮਾਣ ਦੇ ਕੰਮ ਨੂੰ ਅੱਗੇ ਵਧਾਉਣ ਲਈ ਇੱਕ ਤਾਲਮੇਲ ਕਮੇਟੀ ਬਣਾਈ ਗਈ, ਜਿਸ ਵਿੱਚ ਪੁਲਿਸ, ਜ਼ਿਲ੍ਹਾ ਟਾਊਨ ਪਲੇਨਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਸ਼ਾਮਲ ਕੀਤਾ ਗਿਆ ਹੈ। ਬੈਠਕ ਵਿੱਚ ਔਜਲਾ ਨੇ ਸੜਕ ਲਈ ਲੋੜੀਂਦੀ ਜ਼ਮੀਨ ਐਕਵਾਇਰ ਕਰਨ ਵਿੱਚ ਆ ਰਹੀਆਂ ਪਰੇਸ਼ਾਨੀਆਂ ਬਾਰੇ ਜ਼ਿਲ੍ਹਾ ਅਧਿਕਾਰੀਆਂ ਕੋਲੋਂ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦਾ ਕੰਮ ਪੂਰਾ ਹੋਣ ਮਗਰੋਂ ਹੀ ਸੜਕ ਨਿਰਮਾਣ ਦੀ ਗੱਲ ਅੱਗੇ ਤੁਰਨੀ ਹੈ, ਇਸ ਲਈ ਇਸ ਦਾ ਜਲਦੀ ਹੱਲ ਕੀਤਾ ਜਾਵੇ।
ਉਨ੍ਹਾਂ ਇਸ ਤੋਂ ਇਲਾਵਾ ਐਕਸਪ੍ਰੈਸ ਹਾਈਵੇ ਲਈ ਦਿੱਤੇ ਜਾਣ ਵਾਲੇ ਰਸਤੇ ਬਾਰੇ ਵੀ ਅਧਿਕਾਰੀਆਂ ਨਾਲ ਮਸ਼ਵਰਾ ਕੀਤਾ। ਸੜਕ ਵਿੱਚ ਆਉਂਦੀਆਂ ਕਿਹੜੀਆਂ ਇਮਾਰਤਾਂ ਨੂੰ ਢਾਹਿਆ ਜਾਵੇ ਆਦਿ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਔਜਲਾ ਨੇ ਕਿਹਾ ਕਿ ਇਹ ਸੜਕਾਂ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ ਦੀ ਸਨਅਤ, ਵਪਾਰ ਅਤੇ ਵਿਕਾਸ ਦਾ ਧੁਰਾ ਬਣਨਗੀਆਂ।
ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਆਮਦ ਵਿੱਚ ਵੀ ਵੱਡਾ ਵਾਧਾ ਹੋਵੇਗਾ, ਜੋ ਕਿ ਅੰਮ੍ਰਿਤਸਰ ਦੇ ਸੈਰ ਸਪਾਟਾ ਸਨਅਤ ਲਈ ਬੇਹੱਦ ਲਾਭਕਾਰੀ ਹੋਵੇਗਾ। ਔਜਲਾ ਨੇ ਆਪਣੇ ਵੱਲੋਂ ਇਸ ਕੰਮ ਵਿੱਚ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੰਦੇ ਪ੍ਰਾਜੈਕਟ ਨੂੰ ਛੇਤੀ ਸ਼ੁਰੂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।