ਅੰਮ੍ਰਿਤਸਰ: ਸ਼ਹਿਰ ਦੇ ਇੱਕ ਨੌਜਵਾਨ ਨੇ ਨਸ਼ਾ ਛਡਾਊ ਕੇਂਦਰਾਂ ਬਾਰੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਨੌਜਵਾਨ ਨੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਨਾਲ ਮਿਲ ਕੇ ਇੱਕ ਵਿਸ਼ੇਸ਼ ਕਾਨਫਰੰਸ ਕੀਤੀ। ਇਸ ਦੌਰਾਨ ਉਸ ਨੇ ਨਸ਼ਾ ਛੁਡਾਊ ਕੇਂਦਰਾਂ ਦੇ ਅਧਿਕਾਰੀਆਂ 'ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਤੋਂ ਹੋਰਨਾਂ ਨਸ਼ੇ ਛੁਡਾ ਕੇ ਨਸ਼ੀਲੀਆਂ ਗੋਲੀਆਂ ਦੀ ਆਦਤ ਪਾਉਣ ਦੇ ਦੋਸ਼ ਲਾਏ।
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੇ ਆਦਤ ਛੁਡਾਊਣ ਲਈ ਨਸ਼ਾ ਛਡਾਊ ਕੇਂਦਰ ਖੋਲ੍ਹੇ ਗਏ ਸਨ। ਸ਼ਹਿਰ ਦੇ ਇੱਕ ਨੌਜਵਾਨ ਨੇ ਇਨ੍ਹਾਂ ਨਸ਼ਾ ਛਡਾਊ ਕੇਂਦਰਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਤੇ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਲੱਤ ਲਾਉਣ ਦੇ ਦੋਸ਼ ਲਾਏ ਹਨ।
ਪ੍ਰੈਸ ਕਾਨਫਰੰਸ ਦੇ ਦੌਰਾਨ ਉਕਤ ਨੌਜਵਾਨ ਨੇ ਦੱਸਿਆ ਕਿ ਬੂਰੀ ਸੰਗਤ ਦੇ ਚਲਦੇ ਉਸ ਨੂੰ ਨਸ਼ੇ ਦੀ ਲੱਤ ਲੱਗ ਗਈ, ਜਿਸ ਕਾਰਨ ਉਹ ਤੇ ਉਸ ਦੇ ਮਾਪੇ ਪਰੇਸ਼ਾਨ ਰਹਿਣ ਲੱਗੇ। ਨਸ਼ੇ ਦੀ ਲੱਤ ਤੋਂ ਮੁਕਤੀ ਹਾਸਲ ਕਰਨ ਲਈ ਉਹ ਛੇਹਾਰਟਾ ਸਥਿਤ ਨਸ਼ਾ ਛੁਡਾਊ ਕੇਂਦਰ 'ਚ ਇਲਾਜ ਕਰਵਾਉਣ ਲਈ ਗਿਆ।
ਇਥੇ ਉਸ ਨੂੰ ਦੱਸਿਆ ਗਿਆ ਕਿ ਉਹ 3 ਮਹੀਨੇ 'ਚ ਠੀਕ ਹੋ ਜਾਵੇਗਾ। ਉਸ ਦਾ ਇਲਾਜ ਜਾਰੀ ਸੀ, ਉਥੇ ਦਿੱਤੀ ਜਾਣ ਵਾਲੀ ਦਵਾਈ ਦੀ ਉਸ ਨੂੰ ਲੱਤ ਲੱਗ ਗਈ। ਉਹ ਪਿਛਲੇ 2 ਸਾਲਾਂ ਤੋਂ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਖਾ ਰਿਹਾ ਹੈ।
ਪੀੜਤ ਨੌਜਵਾਨ ਨੇ ਦੱਸਿਆ ਕਿ ਜੋ ਦਵਾਈ 75 ਰੁਪਏ ਦੀ ਮਿਲਦੀ ਹੈ, ਉਹ ਦਵਾਈ ਉਸ ਨੂੰ ਨਸ਼ਾ ਛੁਡਾਊ ਕੇਂਦਰ 'ਚੋਂ 600 ਤੋਂ 700 ਰੁਪਏ ਦੀ ਲੈਣੀ ਪੈ ਰਹੀ ਹੈ। ਪੀੜਤ ਨੌਜਵਾਨ ਨੇ ਕਿਹਾ ਕਿ ਜੇਕਰ ਉਹ ਇਹ ਦਵਾਈ ਨਹੀਂ ਲੈਂਦਾ ਤਾਂ ਉਹ ਬਿਮਾਰ ਹੋ ਜਾਂਦਾ ਹੈ ਹੁਣ ਉਸ ਨੂੰ ਇਸ ਦਵਾਈ ਦੀ ਲੱਤ ਲੱਗ ਚੁੱਕੀ ਹੈ।
ਦੂਜੇ ਪਾਸੇ ਨਸ਼ਾ ਛਡਾਊ ਕੇਂਦਰ ਦੇ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਨੌਜਵਾਨ ਬਹੁਤ ਵੱਧ ਨਸ਼ੇ ਦਾ ਆਦੀ ਹੈ। ਛੇ ਮਹੀਨੀਆਂ ਤੱਕ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਦਾ ਨਸ਼ਾ ਨਹੀਂ ਛੁੱਟ ਸਕਿਆ ਇਸ ਲਈ ਲਗਾਤਾਰ ਉਸ ਦਾ ਇਲਾਜ ਜਾਰੀ ਹੈ।
ਉਨ੍ਹਾਂ ਕਿਹਾ ਕਿ ਜਦ ਵੀ ਨੌਜਵਾਨ ਦਵਾਈ ਲੈਣ ਜਾਂ ਚੈਕਅਪ ਲਈ ਆਉਂਦਾ ਹੈ ਤਾਂ ਉਸ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ। ਮੌਜੂਦਾ ਮਹਿਲਾ ਡਾਕਟਰ ਨੇ ਨਸ਼ੀਲੀ ਗੋਲੀਆਂ ਦੀ ਲੱਤ ਪਾਉਣ ਦੇ ਦੋਸ਼ ਨੂੰ ਬੇਬੁਨਿਆਦ ਦੱਸਿਆ ਹੈ।
ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਲੋਕ ਇਨਸਾਫ਼ ਪਾਰਟੀ ਦੇ ਆਗੂ ਅੱਗੇ ਆਏ ਹਨ। ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਤਾਂ ਪਹਿਲਾਂ ਹੀ ਨਸ਼ੇ ਦਾ ਛੇਵਾਂ ਦਰਿਆ ਬਣਿਆ ਹੋਇਆ ਹੈ। ਨਸ਼ਾ ਛਡਾਊ ਕੇਂਦਰ ਖੁੱਲ੍ਹਣ 'ਤੇ ਲੋਕਾਂ ਨੂੰ ਨਸ਼ੇ ਤੋਂ ਹਟਾਉਣ ਦੀ ਆਸ ਸੀ, ਪਰ ਉਹ ਵੀ ਖ਼ਤਮ ਹੁੰਦੀ ਹੋਈ ਜਾਪਦੀ ਹੈ। ਉਨ੍ਹਾਂ ਕਿਹਾ ਕਿ ਹੁਣ ਨਸ਼ਾ ਛੁਡਾਊ ਕੇਂਦਰਾਂ ਨੇ ਉਹ ਆਸ ਖ਼ਤਮ ਕਰ ਦਿੱਤੀ ਹੈ।
ਮਨਦੀਪ ਸਿੰਘ ਨੇ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨਾਲ ਵੀ ਇਸ ਮਾਮਲੇ ਸਬੰਧੀ ਗੱਲਬਾਤ ਕਰਨਗੇ। ਉਨ੍ਹਾਂ ਕਿਹ ਕਿ ਉਨ੍ਹਾਂ ਦੀ ਪਾਰਟੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।