ਅੰਮ੍ਰਿਤਸਰ: ਥਾਣਾ ਕੰਬੋਅ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਵੱਡੀ ਮਾਤਰਾ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਕੰਬੋਅ ਦੇ ਐਸਐਚਓ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਦੋਸ਼ੀ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਉਸ ਵਲੋਂ ਭਾਰਤ ਪਾਕਿਸਤਾਨ ਬਾਰਡਰ ਤੋਂ ਹੈਰੋਇਨ ਲਿਆ ਕੇ ਭਾਰਤੀ ਸਮੱਗਲਰਾਂ ਨੂੰ ਸਪਲਾਈ ਕੀਤੀ ਜਾਂਦੀ ਹੈ। ਜਿਸ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਟੀਮ ਤਿਆਰ ਕਰਕੇ ਰੇਡ ਕੀਤੀ ਤੇ ਇਸ ਦੌਰਾਨ ਕਥਿਤ ਦੋਸ਼ੀ ਸਕੱਤਰ ਸਿੰਘ ਪੁੱਤਰ ਜਗਤ ਸਿੰਘ ਵਾਸੀ ਰੋੜਾਵਾਲਾ ਕਲ੍ਹਾਂ ਨੂੰ ਗ੍ਰਿਫ਼ਤਾਰ ਕੀਤਾ।
ਜਿਸ ਉਪਰੰਤ ਉਨ੍ਹਾਂ ਸੂਚਨਾ ਦੇ ਅਧਾਰ ਤੇ ਕਥਿਤ ਦੋਸ਼ੀ ਨੂੰ ਨਾਲ ਲੈ ਕੇ ਦਾਣਾ ਮੰਡੀ ਅਟਾਰੀ ਵਿੱਚ ਲੁਕਾ ਕੇ ਰੱਖੀ 420 ਗ੍ਰਾਂਮ ਹੈਰੋਇਨ ਦੀ ਖੇਪ ਬਰਾਮਦ ਕਰ ਲਈ ਹੈ।
ਪੁਲਿਸ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਸਕੱਤਰ ਸਿੰਘ ਖਿਲਾਫ ਥਾਣਾ ਕੰਬੋਅ ’ਚ ਮੁੱਕਦਮਾ ਨੰ 132, ਜੁਰਮ 21,23/61/85 ਐਨਡੀਪੀਐਸ ਐਕਟ ਤਹਿਤ ਦਰਜ ਕਰਕੇ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਹੋਰਨਾਂ ਸਬੰਧਾਂ ਬਾਰੇ ਪਤਾ ਲਗਾਇਆ ਜਾ ਸਕੇ।