ਅੰਮ੍ਰਿਤਸਰ : ਸ਼ਹਿਰ ਵਿੱਚ ਇੱਕ 31 ਸਾਲਾ ਮਹਿਲਾ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
31 ਸਾਲਾ ਮ੍ਰਿਤਕਾ ਦੀ ਪਛਾਣ ਸੁਖਬੀਰ ਕੌਰ ਵਜੋਂ ਹੋਈ ਹੈ। ਸੁਖਬੀਰ ਨੇ ਕੋਈ ਜਹਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਸਹੁਰੇ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰਦੇ ਸਨ। ਸੁਖਬੀਰ ਦੇ ਸਹੁਰੇ ਪਰਿਵਾਰ ਦੇ ਲੋਕ ਉਸ ਨੂੰ ਛੋਟੀ -ਛੋਟੀ ਗੱਲਾਂ ਉੱਤੇ ਤਾਨੇ ਦਿੰਦੇ ਸਨ ਅਤੇ ਦਾਜ ਦੀ ਮੰਗ ਕਰਦੇ ਸਨ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਉਨ੍ਹਾਂ ਨੂੰ ਫੋਨ 'ਤੇ ਬੇਟੀ ਵੱਲੋਂ ਜਹਰੀਲੀ ਚੀਜ਼ ਨਿਗਲੇ ਜਾਣ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਜਦ ਉਹ ਬੇਟੀ ਦੇ ਸਹੁਰੇ ਘਰ ਪਹੁੰਚੇ ਤਾਂ ਉਥੇ ਬੇਟੀ ਦੀ ਲਾਸ਼ ਮਿਲੀ , ਨਾਂ ਹੀ ਉਥੇ ਕੋਈ ਡਾਕਟਰ ਅਤੇ ਨਾਂ ਹੀ ਉਸ ਦੇ ਸਹੁਰੇ ਪਰਿਵਾਰ ਦਾ ਕੋਈ ਵਿਅਕਤੀ ਮੌਜ਼ੂਦ ਸੀ। ਮ੍ਰਿਤਕਾ ਦੇ ਪਿਤਾ ਨੇ ਸੁਖਬੀਰ ਦੇ ਸਹੁਰਾ ਪਰਿਵਾਰ 'ਤੇ ਉਸ ਨੂੰ ਖ਼ੁਦਕੁਸ਼ੀ ਕੀਤੇ ਜਾਣ ਲਈ ਮਜ਼ਬੂਰ ਕਰਨ ਦਾ ਦੋਸ਼ ਲਾਇਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਉੱਤੇ ਲੜਕੀ ਦੇ ਸਹੁਰਾ ਪਰਿਵਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ 'ਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।