ਮੁੰਬਈ: ਇਸ ਹਫਤੇ ਦਾ ਪਹਿਲਾ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਲਈ ਇਤਿਹਾਸਕ ਰਿਹਾ। ਅੱਜ ਸੋਮਵਾਰ ਨੂੰ ਪਹਿਲੀ ਵਾਰ ਨਿਫਟੀ ਨੇ 20,000 ਦਾ ਅੰਕੜਾ ਪਾਰ ਕੀਤਾ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਖਰੀਦਦਾਰੀ ਕਰਕੇ ਨਿਫਟੀ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਨੈਸ਼ਨਲ ਸਟਾਕ ਐਕਸਚੇਂਜ (National Stock Exchange) (ਐੱਨ. ਐੱਸ. ਈ.) ਦਾ ਸੂਚਕਾਂਕ ਨਿਫਟੀ 0.94 ਫੀਸਦੀ ਜਾਂ 186.15 ਅੰਕਾਂ ਦੇ ਵਾਧੇ ਨਾਲ 20.006.10 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਸੈਂਸੈਕਸ ਵੀ 67,000 ਦਾ ਅੰਕੜਾ ਪਾਰ ਕਰਨ 'ਚ ਕਾਮਯਾਬ ਰਿਹਾ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੂਚਕ ਅੰਕ ਸੈਂਸੈਕਸ 0.83 ਫੀਸਦੀ ਜਾਂ 551.02 ਅੰਕ ਵਧ ਕੇ 67,149.63 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ।
ਪਹਿਲੀ ਵਾਰ 20 ਹਜ਼ਾਰ ਤੋਂ ਪਾਰ: ਤੁਹਾਨੂੰ ਦੱਸ ਦੇਈਏ, ਅੱਜ ਸਵੇਰੇ ਨਿਫਟੀ ਨੇ 19,890.00 ਅੰਕਾਂ ਨਾਲ ਸ਼ੁਰੂਆਤ ਕੀਤੀ ਸੀ ਅਤੇ ਵਪਾਰ ਦੌਰਾਨ ਇਹ 20,008.15 ਅੰਕਾਂ ਦੇ ਆਪਣੇ 52 ਹਫਤੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਨਿਫਟੀ ਨੇ ਇਸ ਪੱਧਰ ਨੂੰ ਪਾਰ ਕੀਤਾ ਹੈ। ਨਿਫਟੀ ਨੇ 36 ਸੈਸ਼ਨਾਂ 'ਚ ਇਹ ਰਿਕਾਰਡ ਪੱਧਰ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਨਿਫਟੀ ਨੇ ਆਪਣੇ ਸਰਵਕਾਲੀ ਉੱਚ ਪੱਧਰ ਨੂੰ ਛੂਹ ਲਿਆ ਹੈ ਅਤੇ ਮਾਰਚ 2023 ਤੋਂ ਹੁਣ ਤੱਕ 15 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
ਵੱਖ-ਵੱਖ ਸੈਕਟਰਾਂ ਨਾਲ ਸਬੰਧਿਤ ਕਾਰੋਬਾਰਾਂ 'ਚ ਵੀ ਰਹੀ ਤੇਜ਼ੀ: ਅੱਜ ਦੇ ਕਾਰੋਬਾਰੀ ਦਿਨ 'ਚ ਮੀਡੀਆ ਸੈਕਟਰ ਨੂੰ ਛੱਡ ਕੇ ਸਮੁੱਚੇ ਸੈਕਟਰ ਦੀਆਂ ਕੰਪਨੀਆਂ 'ਚ ਤੇਜ਼ੀ ਰਹੀ। ਖਾਸ ਤੌਰ 'ਤੇ ਬੈਂਕਿੰਗ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਖਰੀਦਦਾਰੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਹੈਲਥਕੇਅਰ, ਫਾਰਮਾ, ਐਨਰਜੀ, ਆਈ.ਟੀ., ਆਟੋ, ਐੱਫ.ਐੱਮ.ਸੀ.ਜੀ., ਧਾਤੂ ਵਰਗੇ ਸੈਕਟਰਾਂ ਦੇ ਸ਼ੇਅਰ ਵੀ ਹਰੇ ਨਿਸ਼ਾਨ 'ਤੇ ਬੰਦ ਹੋਏ। ਨਿਫਟੀ ਦੀਆਂ ਚੋਟੀ ਦੀਆਂ 50 ਕੰਪਨੀਆਂ ਦੇ ਸ਼ੇਅਰਾਂ 'ਚੋਂ 45 ਸ਼ੇਅਰ ਵਧੇ ਜਦਕਿ ਸਿਰਫ 5 ਸ਼ੇਅਰ ਡਿੱਗ ਕੇ ਬੰਦ ਹੋਏ। ਇਸ ਦੇ ਨਾਲ ਹੀ, ਸੈਂਸੈਕਸ ਦੇ ਚੋਟੀ ਦੇ 30 ਸਟਾਕਾਂ ਵਿੱਚੋਂ, 28 ਸਟਾਕ ਵਾਧੇ ਦੇ ਨਾਲ ਬੰਦ ਹੋਏ ਜਦੋਂ ਕਿ ਦੋ ਘਾਟੇ ਨਾਲ ਬੰਦ ਹੋਏ।