ਨਵੀਂ ਦਿੱਲੀ: ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਦਾ ਸਾਮਰਾਜ ਹਿੱਲ ਗਿਆ ਹੈ ਅਤੇ ਅਡਾਨੀ ਗਰੁੱਪ ਦੇ ਸਟਾਕ 'ਚ ਗਿਰਾਵਟ ਜਾਰੀ ਹੈ। ਜਿਸ ਕਾਰਨ ਇਨ੍ਹਾਂ ਸਟਾਕਾਂ 'ਚ ਰੋਜ਼ਾਨਾ ਲੋਅਰ ਸਰਕਟ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਨਿਵੇਸ਼ਕਾਂ ਨੂੰ ਇਨ੍ਹਾਂ ਸ਼ੇਅਰਾਂ ਲਈ ਖਰੀਦਦਾਰ ਵੀ ਨਹੀਂ ਮਿਲ ਰਹੇ ਹਨ, ਜਿਨ੍ਹਾਂ ਨੂੰ ਉਹ ਵੇਚ ਸਕਣ। ਹਾਲਾਂਕਿ ਅਡਾਨੀ ਗਰੁੱਪ ਨੇ ਆਪਣੇ ਨਿਵੇਸ਼ਕਾਂ ਦਾ ਭਰੋਸਾ ਜਿੱਤਣ ਲਈ ਕ੍ਰੈਡਿਟ ਰਿਪੋਰਟ ਜਾਰੀ ਕੀਤੀ ਹੈ। ਜਿਸ ਵਿਚ ਉਸ ਨੇ ਦੱਸਿਆ ਹੈ ਕਿ ਉਸ ਕੋਲ ਕਾਫੀ ਨਕਦੀ ਭੰਡਾਰ ਹੈ ਅਤੇ ਉਸ ਦੀਆਂ ਸੂਚੀਬੱਧ ਕੰਪਨੀਆਂ ਕਰਜ਼ਾ ਮੋੜਨ ਦੇ ਸਮਰੱਥ ਹਨ। ਰਿਪੋਰਟ 'ਚ ਕੰਪਨੀ ਨੇ ਅੱਗੇ ਕਿਹਾ ਕਿ ਸਤੰਬਰ ਦੇ ਅੰਤ ਤੱਕ ਅਡਾਨੀ ਗਰੁੱਪ 'ਤੇ ਕੁੱਲ 2.26 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਜਿਸ ਦੇ ਮਾਰਚ ਦੇ ਅੰਤ ਤੱਕ ਸਥਿਰ ਰਹਿਣ ਦੀ ਉਮੀਦ ਹੈ।
ਹਾਲਾਂਕਿ ਇਸ ਸਭ ਦੇ ਬਾਵਜੂਦ ਉਸਦੇ ਸਟਾਕ ਦੀ ਗਿਰਾਵਟ ਨੂੰ ਰੋਕਿਆ ਨਹੀਂ ਜਾ ਰਿਹਾ ਹੈ। ਬੁੱਧਵਾਰ ਨੂੰ ਵੀ ਅਡਾਨੀ ਦੇ 4 ਸ਼ੇਅਰਾਂ ਨੇ ਲੋਅਰ ਸਰਕਟ ਕੀਤਾ ਹੈ। ਇਨ੍ਹਾਂ ਸ਼ੇਅਰਾਂ 'ਚ ਮੁੱਖ ਤੌਰ 'ਤੇ ਅਡਾਨੀ ਪਾਵਰ, ਅਡਾਨੀ ਟ੍ਰਾਂਸਮਿਸ਼ਨ, ਅਡਾਨੀ ਗ੍ਰੀਨ ਅਤੇ ਅਡਾਨੀ ਟੋਟਲ ਹਨ।
ਅਡਾਨੀ ਪਾਵਰ: ਅਡਾਨੀ ਪਾਵਰ ਦੇ ਸ਼ੇਅਰਾਂ ਦੀ ਕੀਮਤ 140.90 ਰੁਪਏ 'ਤੇ ਆ ਗਈ ਹੈ, ਜੋ ਕਿ ਹਿੰਡਨਬਰਗ ਦੀ ਰਿਪੋਰਟ ਤੋਂ ਪਹਿਲਾਂ 275 ਰੁਪਏ 'ਤੇ ਵਪਾਰ ਕਰ ਰਿਹਾ ਸੀ। 24 ਜਨਵਰੀ ਨੂੰ ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਆਈ ਅਤੇ ਉਦੋਂ ਤੋਂ ਹੀ ਅਡਾਨੀ ਦੇ ਸ਼ੇਅਰਾਂ ਦੀ ਦੁਰਦਸ਼ਾ ਸ਼ੁਰੂ ਹੋ ਗਈ। ਸਿਰਫ਼ 20 ਦਿਨਾਂ ਵਿੱਚ ਇਸ ਸ਼ੇਅਰ ਦੀ ਕੀਮਤ ਅੱਧੀ ਰਹਿ ਗਈ ਹੈ।
ਅਡਾਨੀ ਟਰਾਂਸਮਿਸ਼ਨ- ਖਰੀਦਦਾਰਾਂ ਦੀ ਉਪਲਬਧਤਾ ਨਾ ਹੋਣ ਕਾਰਨ ਇਸ ਸਟਾਕ 'ਚ ਲਗਾਤਾਰ ਲੋਅਰ ਸਰਕਟ ਦੇਖਣ ਨੂੰ ਮਿਲ ਰਿਹਾ ਹੈ। 25 ਜਨਵਰੀ ਨੂੰ ਇਹ ਸਟਾਕ 2800 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਇਸ ਸ਼ੇਅਰ ਦੀ ਕੀਮਤ 1017 ਰੁਪਏ 'ਤੇ ਆ ਗਈ ਹੈ।
ਅਡਾਨੀ ਗ੍ਰੀਨ - ਅਡਾਨੀ ਗ੍ਰੀਨ ਐਨੀਗਰੀ ਦੇ ਸਟਾਕ 'ਚ ਵੀ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹ ਸਟਾਕ ਅੱਜ 5 ਫੀਸਦੀ ਦੇ ਹੇਠਲੇ ਸਰਕਟ 'ਤੇ ਪਹੁੰਚ ਗਿਆ। ਇਸ ਨਾਲ ਇਸ ਦੀ ਕੀਮਤ 620.75 ਰੁਪਏ 'ਤੇ ਆ ਗਈ ਹੈ। ਜਦਕਿ ਹਿੰਡਨਬਰਗ ਦੀ ਰਿਪੋਰਟ ਤੋਂ ਪਹਿਲਾਂ ਯਾਨੀ 25 ਜਨਵਰੀ ਨੂੰ ਇਸ ਸ਼ੇਅਰ ਦੀ ਕੀਮਤ 1900 ਰੁਪਏ ਦੇ ਕਰੀਬ ਸੀ। ਪਰ ਰਿਪੋਰਟ ਦੇ ਬਾਅਦ ਤੋਂ ਇਸਦੀ ਕੀਮਤ ਲਗਾਤਾਰ ਘਟਦੀ ਜਾ ਰਹੀ ਹੈ।
ਅਡਾਨੀ ਟੋਟਲ - 25 ਜਨਵਰੀ ਨੂੰ ਸ਼ੇਅਰ ਦੀ ਕੀਮਤ 3,900 ਰੁਪਏ ਸੀ। ਇਸ ਤਰ੍ਹਾਂ ਅੱਜ ਇਸ ਸ਼ੇਅਰ ਦੀ ਕੀਮਤ 1078 ਰੁਪਏ ਰਹਿ ਗਈ ਹੈ। ਇਸ ਤਰ੍ਹਾਂ ਪਿਛਲੇ 20 ਦਿਨਾਂ 'ਚ ਇਸ ਸ਼ੇਅਰ ਦੀ ਕੀਮਤ 'ਚ 75 ਫੀਸਦੀ ਦੀ ਕਮੀ ਆਈ ਹੈ।
ਲੋਅਰ ਸਰਕਟ ਕੀ ਹੈ: ਸਟਾਕ ਐਕਸਚੇਂਜ ਹਰੇਕ ਸਟਾਕ ਲਈ ਕੀਮਤ ਸੀਮਾ ਨਿਰਧਾਰਤ ਕਰਦੇ ਹਨ। ਇੱਕ ਵਪਾਰਕ ਦਿਨ ਵਿੱਚ ਸਟਾਕ ਦੀ ਕੀਮਤ ਨੂੰ ਉਸ ਸੀਮਾ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ, ਨਾ ਉੱਪਰ ਵੱਲ ਅਤੇ ਨਾ ਹੀ ਹੇਠਾਂ ਵੱਲ। ਉਪਰਲੀ ਕੀਮਤ ਸੀਮਾ ਨੂੰ ਅੱਪਰ ਸਰਕਟ ਕਿਹਾ ਜਾਂਦਾ ਹੈ ਅਤੇ ਹੇਠਲੀ ਕੀਮਤ ਸੀਮਾ ਨੂੰ ਲੋਅਰ ਸਰਕਟ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: Gold ETF : ਮਹਿੰਗਾਈ ਦੇ ਦਿਨਾਂ ਵਿੱਚ ਸੋਨਾ ਕਿਵੇਂ ਦੇ ਸਕਦਾ ਹੈ ਸਾਥ, ਪੜ੍ਹੋ ਕੀ ਹੈ ਗੋਲਡ ਈਟੀਐਫ ਅਤੇ ਇਸਦੇ ਫਾਇਦੇ
ਅਰਬਪਤੀਆਂ ਦੀ ਸੂਚੀ 'ਚ ਗੌਤਮ ਅਡਾਨੀ ਦੀ ਹਾਲਤ : ਫੋਰਬਸ ਦੀ ਅਰਬਪਤੀਆਂ ਦੀ ਸੂਚੀ ਦੇ ਮੁਤਾਬਕ ਗੌਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 23ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਸ ਦੀ ਸੰਪਤੀ 'ਚ ਜ਼ਬਰਦਸਤ ਗਿਰਾਵਟ ਆਈ ਹੈ। ਅਮੀਰਾਂ ਦੀ ਸੂਚੀ 'ਚ ਕਦੇ ਤੀਜੇ ਸਥਾਨ 'ਤੇ ਰਹਿਣ ਵਾਲਾ ਅਡਾਨੀ ਟਾਪ-20 ਦੀ ਸੂਚੀ 'ਚੋਂ ਬਾਹਰ ਹੋ ਗਿਆ ਹੈ। ਉਸ ਦੀ ਕੁੱਲ ਜਾਇਦਾਦ ਘਟ ਕੇ 52.7 ਬਿਲੀਅਨ ਡਾਲਰ ਰਹਿ ਗਈ ਹੈ। ਦੂਜੇ ਪਾਸੇ ਬੁੱਧਵਾਰ ਨੂੰ ਉਸ ਨੂੰ 1.6 ਬਿਲੀਅਨ ਦੇ ਘਾਟੇ ਨਾਲ ਫੋਰਬਸ ਦੀ ਵਿਨਰ ਅਤੇ ਲੂਜ਼ਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ।