ਮੁੰਬਈ: ਬੰਬਈ ਸ਼ੇਅਰ ਬਾਜ਼ਾਰ ਦੇ ਮੁੱਕ ਸੈਂਸੈਕਸ ਸੂਚਕ ਅੰਕ ਵਿੱਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਲਗਭਗ 700 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰੀਆਂ ਮੁਤਾਬਕ ਪੱਛਮੀ ਏਸ਼ੀਆਂ ਵਿੱਚ ਤਣਾਅ ਕਾਰਨ ਬਾਜ਼ਾਰ ਦਬਾਅ ਵਿੱਚ ਹੈ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ ਅੰਕ ਸ਼ੁਰੂਆਤੀ ਕਾਰੋਬਾਰ ਦੌਰਾਨ 682.71 ਅੰਕ ਜਾਂ 1.65 ਫ਼ੀਸਦੀ ਦੀ ਗਿਰਾਵਟ ਦੇ ਨਾਲ 40,781.90 ਉੱਤੇ ਸੀ ਜਦਕਿ ਐੱਨਐੱਸਈ ਦਾ ਨਿਫ਼ਟੀ ਸੂਚਕ ਅੰਕ 204.25 ਅੰਕ ਜਾਂ 1.67 ਫ਼ੀਸਦੀ ਦੀ ਗਿਰਾਵਟ ਦੇ ਨਾਲ 12,022.40 ਉੱਤੇ ਆ ਗਿਆ।
ਸੈਂਸੈਕਸ ਵਿੱਚ ਸਭ ਤੋਂ ਜ਼ਿਆਦਾ ਗਿਰਵਾਟ ਐੱਸਬੀਆਈ ਵਿੱਚ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਏਸ਼ੀਅਨ ਪੇਂਟਜ਼, ਪਾਵਰਗ੍ਰਿਡ, ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਐੱਨਟੀਪੀਸੀ, ਆਈਸੀਆਈਸੀਆਈ ਬੈਂਕ ਅਤੇ ਐੱਚਡੀਐੱਫ਼ਸੀ ਵਿੱਚ ਗਿਰਾਵਟ ਦੇਖਣ ਨੂੰ ਮਿਲੀ।
ਹਾਲਾਂਕਿ, ਟਾਇਟਨ, ਟੀਸੀਐੱਸ, ਐੱਚਸੀਐੱਸ ਟੈਕ, ਇੰਫੋਸਿਸ ਅਤੇ ਟੈਕ ਮਹਿੰਦਰਾ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ਕਾਰੋਬਾਰੀਆਂ ਮੁਤਾਬਕ ਈਰਾਨ ਵੱਲੋਂ ਆਪਣੇ ਮੁੱਖ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਸ਼ੰਕਾ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਨੂੰ ਚੇਤਾਵਨੀ ਦੇ ਚੱਲਦਿਆਂ ਏਸ਼ੀਆਈ ਬਾਜ਼ਾਰ ਦਬਾਅ ਵਿੱਚ ਖੁੱਲ੍ਹੇ।