ਹਾਥਰਸ/ ਉੱਤਰ ਪ੍ਰਦੇਸ਼: ਸਿਕੰਦਰਰਾਊ ਕੋਤਵਾਲੀ ਖੇਤਰ ਵਿੱਚ ਬੁੱਧਵਾਰ ਰਾਤ ਹਾਈਵੇ ਉੱਤੇ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਵਿੱਚ 4 ਜਾਨਾਂ ਚਲੀਆਂ ਗਈਆਂ। ਦਰਅਸਲ, ਗਾਂ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਕੇ ਦੂਜੀ ਲੇਨ ਵਿੱਚ ਪਹੁੰਚ ਗਈ । ਇਸ ਦੌਰਾਨ ਏਟਾ ਵੱਲੋਂ ਆ ਰਹੇ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਪਤੀ-ਪਤਨੀ ਸਮੇਤ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਇਹ ਸਾਰੇ ਏਟਾ ਦੇ ਰਹਿਣ ਵਾਲੇ ਸੀ, ਜੋ ਕਿਸੇ ਕੰਮ ਲਈ ਵਰਿੰਦਾਵਨ ਗਏ ਸੀ ਅਤੇ ਵਾਪਸ ਏਟਾ ਪਰਤ ਰਹੇ ਸੀ।
ਗਾਂ ਨੂੰ ਬਚਾਉਂਦੇ ਹੋਏ ਵਾਪਰਿਆ ਹਾਦਸਾ, 3 ਦੀ ਮੌਕੇ ਉੱਤੇ ਮੌਤ
ਏਟਾ ਦੇ ਥਾਣਾ ਅਲੀਗੰਜ ਦੇ ਪਿੰਡ ਕੰਚਨਪੁਰ ਵਿੱਚ ਕਰਦਮ ਪਾਲ ਪਰਿਵਾਰ ਸਣੇ ਰਹਿੰਦੇ ਹਨ। ਬੁੱਧਵਾਰ ਨੂੰ ਉਨ੍ਹਾਂ ਦੇ 2 ਪੁੱਤਰ ਸ਼ਿਆਮ ਸਿੰਘ, ਉਮਰ 48 ਸਾਲ ਅਤੇ ਬ੍ਰਿਜੇਸ਼, ਉਮਰ 50 ਸਾਲ ਅਤੇ ਉਸ (ਬ੍ਰਿਜੇਸ਼) ਦੀ ਪਤਨੀ ਪੂਨਮ ਕਾਰ ਵਿੱਚ ਵਰਿੰਦਵਨ ਗਏ ਸੀ। ਕਾਰ ਮੈਨਪੁਰੀ ਦੇ ਥਾਣਾ ਕੁਰਾਵਲੀ ਖੇਤਰ ਦੇ ਪਿੰਡ ਵਿਕਰਮਪੁਰ ਦਾ ਰਹਿਣ ਵਾਲਾ ਮੁਕੇਸ਼ (ਉਮਰ 45 ਸਾਲ) ਚਲਾ ਰਿਹਾ ਸੀ। ਰਾਤ ਨੂੰ ਜਦੋਂ ਇਹ ਸਾਰੇ ਲੋਕ ਕਾਰ ਵਿੱਚ ਵਰਿੰਦਾਵਨ ਤੋਂ ਵਾਪਸ ਪਰਤ ਰਹੇ ਸੀ, ਤਾਂ ਏਟਾ ਰੋਡ ਉੱਤੇ ਰਤਿਭਾਨਪੁਰ ਪੁਲ ਕੋਲ ਹਾਈਵੇ ਉੱਤੇ ਅਚਾਨਕ ਕਾਰ ਸਾਹਮਣੇ ਗਾਂ ਆ ਗਈ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਨਾਲ ਵੱਡਾ ਹਾਦਸਾ ਵਾਪਰ ਗਿਆ।
ਹਾਦਸੇ ਵਿੱਚ ਸ਼ਿਆਮ, ਬ੍ਰਿਜੇਸ਼ ਤੇ ਮੁਕੇਸ਼ ਦੀ ਮੌਕੇ ਉੱਤੇ ਮੌਤ ਹੋ ਗਈ, ਜਦਕਿ ਪੂਨਮ ਨੂੰ ਜਖਮੀ ਹਾਲਤ ਵਿੱਚ ਸਿਕੰਦਰਾਰਾਊ ਦੇ ਮੁੱਢਲੀ ਸਿਹਤ ਕੇਂਦਰ ਵਿੱਚ ਲੈ ਜਾਇਆ ਗਿਆ ਅਤੇ ਉਥੇ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਅਧੀਨ ਕੁਝ ਸਮਾਂ ਬਾਅਦ ਉਸ ਨੇ ਵੀ ਦਮ ਤੋੜ ਦਿੱਤਾ।
ਵਧੀਕ ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਕੌਮੀ ਮਾਰਗ ’ਤੇ ਰਤੀਭਾਨਪੁਰ ਨੇੜੇ ਇੱਕ ਗਾਂ ਨੂੰ ਬਚਾਉਂਦੇ ਹੋਏ ਸਵਿਫ਼ਟ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੀ ਲੇਨ ’ਚ ਜਾ ਵੱਜੀ, ਜਿੱਥੇ ਟਰੱਕ ਨਾਲ ਟੱਕਰ ਹੋਈ। ਹਾਦਸੇ 'ਚ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਔਰਤ ਦੀ ਹਾਥਰਸ 'ਚ ਇਲਾਜ ਦੌਰਾਨ ਮੌਤ ਹੋ ਗਈ।