ਮੁੰਬਈ : ਸਥਾਨਕ ਸ਼ੇਅਰ ਬਜ਼ਾਰਾਂ ਵਿੱਚ ਪਿਛਲੇ 4 ਕਾਰੋਬਾਰੀ ਦਿਨਾਂ ਨਾਲ ਜਾਰੀ ਗਿਰਾਵਟ ਬੁੱਧਵਾਰ ਨੂੰ ਰੁੱਕ ਗਈ ਅਤੇ ਬੀਐੱਸਈ-ਸੈਂਸੈਕਸ ਵਿੱਚ 428 ਅੰਕ ਅਤੇ ਐੱਨਐੱਸਈ-ਨਿਫ਼ਟੀ ਵਿੱਚ 133 ਅੰਕਾਂ ਦਾ ਉੱਛਾਲ ਆਇਆ। ਚੀਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਉਣ ਦੀਆਂ ਰਿਪੋਰਟਾਂ ਅਤੇ ਭਾਰਤ ਉੱਤੇ ਇਸ ਕੀਟਾਣੂ ਦੇ ਆਰਥਿਕ ਪ੍ਰਭਾਵਾਂ ਨਾਲ ਨਿਪਟਣ ਦੇ ਲਈ ਜਲਦ ਕਦਮ ਚੁੱਕਣ ਦੀ ਕੇਂਦਰ ਸਰਕਾਰ ਦੇ ਐਲਾਨ ਨਾਲ ਨਿਵੇਸ਼ਕਾਂ ਦੀ ਧਾਰਣਾ ਵਿੱਚ ਸੁਧਾਰ ਆਇਆ ਹੈ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਮਜ਼ਬੂਤੀ ਨੇ ਨਾਲ ਖੁੱਲ੍ਹਿਆ ਅਤੇ ਦਿਨ ਵਿੱਚ 41,357.16 ਅੰਕਾਂ ਤੱਕ ਚੜ੍ਹ ਗਿਆ ਸੀ। ਅੰਤ ਵਿੱਚ ਸੈਂਸੈਕਸ ਪਿਛਲੇ ਬੰਦ ਤੋਂ 428.62 ਅੰਕ ਭਾਵ ਕਿ 1.05 ਫ਼ੀਸਦੀ ਵੱਧ ਕੇ 41,323 ਅੰਕਾਂ ਉੱਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 133.40 ਅੰਕ ਭਾਵ ਕਿ 1.11 ਫ਼ੀਸਦੀ ਦੇ ਵਾਧੇ ਦੇ ਨਾਲ 12,125.90 ਅੰਕਾਂ ਉੱਤੇ ਬੰਦ ਹੋਇਆ।
ਸੈਂਸੈਕਸ ਦੇ ਸ਼ੇਅਰਾਂ ਵਿੱਚ ਬਜਾਜ ਫ਼ਾਇਨਾਂਸ, ਐੱਚਯੂਐੱਲ, ਰਿਲਾਇੰਸ ਇੰਡਸਟ੍ਰੀਜ਼, ਓਐੱਨਜੀਸੀ ਅਤੇ ਐੱਚਡੀਐੱਫ਼ਸੀ ਲਾਭ ਵਿੱਚ ਰਹੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਚੀਨ ਵਿੱਚ ਫ਼ੈਲੇ ਖ਼ਤਰਨਾਕ ਕੋਰੋਨਾ ਵਾਇਰਸ ਦੇ ਕਾਰਨ ਪੈਦਾ ਸਥਿਤੀ ਦੀ ਸਮੀਖਿਆ ਦੇ ਲਈ ਦਵਾਈਆਂ, ਕੱਪੜਾ, ਰਸਾਇਣ, ਇਲੈਕਟ੍ਰਾਨਿਕਸ ਅਤੇ ਆਈਟੀ ਹਾਰਡਵੇਅਰ, ਸੌਰ, ਵਾਹਨ, ਸਰਜੀਕਲ ਉਪਕਰਨਾਂ, ਪੇਂਟ, ਖ਼ਾਦ ਸਮੇਤ ਵੱਖ-ਵੱਖ ਖੇਤਰਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਟਰੰਪ ਦਾ ਭਾਰਤ ਦੌਰਾ : ਵਪਾਰਕ ਸਮਝੌਤਾ ਹੋਵੇਗਾ ਜਾਂ ਨਹੀਂ ?
ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਨਾਲ ਵਿਸ਼ਵੀ ਬਾਜ਼ਾਰ ਵਿੱਚ ਅਫ਼ਰਾ-ਤਫ਼ਰੀ ਦਾ ਘਰੇਲੂ ਉਦਯੋਗਾਂ ਉੱਤੇ ਪੈਣ ਵਾਲੇ ਸੰਭਾਵਿਤ ਪ੍ਰਭਾਵਾਂ ਨਾਲ ਨਿਪਟਣ ਦੇ ਲਈ ਜਲਦੀ ਹੀ ਕਦਮ ਚੁੱਕੇਗੀ। ਏਸ਼ੀਆ ਦੇ ਹੋਰ ਬਾਜ਼ਾਰ ਵੀ ਤੇਜ਼ੀ ਵਿੱਚ ਰਹੇ। ਚੀਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਕਮੀ ਦੀਆਂ ਖ਼ਬਰਾਂ ਦਾ ਵਿਸ਼ਵੀ ਬਾਜ਼ਾਰਾਂ ਉੱਤੇ ਵਧੀਆ ਅਸਰ ਪਿਆ ਹੈ।
ਚੀਨ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 1,749 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਉੱਥੋਂ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਇੱਕ ਦਿਨ ਪਹਿਲਾਂ 1,886 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਬੁੱਧਵਾਰ ਦਾ ਅੰਕੜਾ 29 ਜਨਵਰੀ ਤੋਂ ਬਾਅਦ ਸਭ ਤੋਂ ਘੱਟ ਹੈ।