ਨਵੀਂ ਦਿੱਲੀ: ਨਰਾਤਿਆਂ ਦੇ ਦੌਰਾਨ ਘਰੇਲੂ ਖਪਤਕਾਰ, ਟਿਕਾਊ ਖਪਤਕਾਰਾਂ ਅਤੇ ਇਲੈਕਟ੍ਰਿਕ ਉਤਪਾਦਾਂ ਦੀਆਂ ਕੰਪਨੀਆਂ ਦੀ ਵਿਕਰੀ ਵਿੱਚ ਦੋਹਰੇ ਅੰਕ ਦਾ ਵਾਧਾ ਦਰਜ ਕੀਤਾ ਗਿਆ।
ਉੱਥੇ ਹੀ ਇਸ ਵਿਕਰੀ ਵਿੱਚ ਈ-ਕਾਮਰਸ ਕੰਪਨੀਆਂ ਦਾ ਯੋਗਦਾਨ ਵੀ ਵਧਿਆ ਹੈ। ਸੋਨੀ, ਐਲਜੀ ਅਤੇ ਪੈਨਾਸੋਨਿਕ ਵਰਗੀਆਂ ਵੱਡੀਆਂ ਕੰਪਨੀਆਂ ਦੀ ਵਿਕਰੀ ਨੇ ਨਰਾਤਿਆਂ ਦੌਰਾਨ ਸਲਾਨਾ ਅਧਾਰ 'ਤੇ 30 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ।
ਪੈਨਾਸੋਨਿਕ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ ਅਤੇ ਦੱਖਣੀ ਏਸ਼ੀਆ) ਮਨੀਸ਼ ਸ਼ਰਮਾ ਨੇ ਕਿਹਾ, “ਤਿਉਹਾਰਾਂ ਦਾ ਮੌਸਮ ਇਸ ਸਾਲ ਚੰਗੀ ਤਰ੍ਹਾਂ ਆਰੰਭ ਹੋਇਆ ਹੈ। ਏਅਰ ਕੰਡੀਸ਼ਨਰਾਂ, ਫਰਿੱਜਾਂ, ਵਾਸ਼ਿੰਗ ਮਸ਼ੀਨਾਂ ਅਤੇ ਮਾਈਕ੍ਰੋਵੇਵ ਆਦਿ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 30 ਪ੍ਰਤੀਸ਼ਤ ਵਧੀ ਹੈ। ਉੱਥੇ ਹੀ "ਐਲਈਡੀ" ਦੀ ਮੰਗ ਸਪਲਾਈ ਤੋਂ ਵੱਧ ਹੈ।
ਬਿਜਲੀ ਉਤਪਾਦਾਂ ਦੀ ਮੰਗ ਆਨਲਈਨ ਵੱਧ ਹੈ
ਸ਼ਰਮਾ ਨੇ ਕਿਹਾ ਕਿ ਬਦਲੇ ਹਾਲਾਤਾਂ ਵਿੱਚ ਗਾਹਕ ਸੰਪਰਕ ਰਹਿਤ ਸਪੁਰਦਗੀ ਨੂੰ ਪਹਿਲ ਦੇ ਰਹੇ ਹਨ। ਅਜਿਹੀ ਸਥਿਤੀ ਵਿੱਚ ਆਨਲਾਈਨ ਖਰੀਦਦਾਰੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਲਾਈਟ ਫਰਨੀਚਰ ਨਾਲ ਜੁੜੇ ਇਲੈਕਟ੍ਰਿਕ ਉਤਪਾਦਾਂ, ਆਡੀਓ ਉਤਪਾਦਾਂ ਆਦਿ ਨੂੰ ਆਨਲਾਈਨ ਖਰੀਦਦੇ ਸਨ ਪਰ ਇਸ ਸਾਲ ਅਸੀਂ ਵੱਡੇ ਬਿਜਲੀ ਉਤਪਾਦਾਂ ਜਿਵੇਂ ਕਿ ਫਰਿੱਜ ਅਤੇ ਵਾਸ਼ਿੰਗ ਮਸ਼ੀਨ ਦੀ ਆਨਲਾਈਨ ਮੰਗ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ।
ਗ੍ਰਾਹਕ ਵੱਡੇ ਆਕਾਰ ਦੇ ਟੀਵੀ ਲੈਣਾ ਪਸੰਦ ਕਰ ਰਹੇ ਹਨ
ਅਜਿਹੀ ਹੀ ਰਾਇ ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਨਈਅਰ ਨੇ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ 55 ਇੰਚ ਜਾਂ ਇਸ ਤੋਂ ਵੱਡੇ ਆਕਾਰ ਦੇ ਟੀਵੀ ਦੀ ਵਿਕਰੀ ਵਿਚ ਬੇਮਿਸਾਲ ਵਾਧਾ ਦਰਜ ਕੀਤਾ ਹੈ। ਉਸੇ ਸਮੇਂ ਗਾਹਕਾਂ ਦੀ ਖਰੀਦਾਰੀ ਕਰਨ ਦੇ ਵਿਵਹਾਰ ਵਿੱਚ ਇੱਕ ਤਬਦੀਲੀ ਆਈ ਹੈ। ਘਰ ਵਿੱਚ ਵਧੇਰੇ ਸਮਾਂ ਬਿਤਾਉਣ ਕਾਰਨ, ਗਾਹਕ ਹੁਣ ਵੱਡੇ ਆਕਾਰ ਦੇ ਟੀਵੀ ਨੂੰ ਤਰਜੀਹ ਦੇ ਰਹੇ ਹਨ।
ਦੱਖਣੀ ਕੋਰੀਆਈ ਕੰਪਨੀ ਐਲਜੀ ਇਲੈਕਟ੍ਰਾਨਿਕਸ ਦੀ ਵਿਕਰੀ ਵੀ ਵਧੀ ਹੈ। ਕੰਪਨੀ ਦੀ ਤਿਉਹਾਰਾਂ ਦੀ ਵਿਕਰੀ ਦੀਵਾਲੀ ਤੱਕ ਚਲਦੀ ਹੈ ਅਤੇ ਇਸ ਦੀ ਸਾਲਾਨਾ ਵਿਕਰੀ ਦਾ 25% ਹਿੱਸਾ ਹੈ।