ਨਵੀਂ ਦਿੱਲੀ: ਵਿਸ਼ਵ ਵਪਾਰ ਸੰਗਠਨ ਦੀ ਡਿਸਪਿਊਟ ਸੈਟਲਮੈਂਟ ਯੂਨਿਟ ਨੇ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ 28 ਤਰ੍ਹਾਂ ਦੇ ਮਾਲ 'ਤੇ ਡਿਊਟੀ ਵਧਾਉਣ ਦੇ ਭਾਰਤ ਦੇ ਫੈਸਲੇ ਖਿਲਾਫ਼ ਅਮਰੀਕਾ ਦੀ ਸ਼ਿਕਾਇਤ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਭਾਰਤ ਨੇ ਪਿਛਲੇ ਸਾਲ 28 ਤਰ੍ਹਾਂ ਦੇ ਅਮਰੀਕੀ ਮਾਲ 'ਤੇ ਦਰਾਮਦ ਡਿਊਟੀ ਵਧਾ ਦਿੱਤੀ ਸੀ। ਅਮਰੀਕਾ ਨੇ ਜੁਲਾਈ ਵਿੱਚ ਭਾਰਤ ਦੇ ਖਿਲਾਫ਼ ਵਿਸ਼ਵ ਵਪਾਰ ਸੰਗਠਨ ਨੂੰ ਸ਼ਿਕਾਇਤ ਕੀਤੀ ਸੀ।
ਅਮਰੀਕਾ ਦਾ ਦੋਸ਼ ਹੈ ਕਿ ਟੈਰਿਫਾਂ ਵਧਾਉਣ ਲਈ ਭਾਰਤ ਦਾ ਕਦਮ ਵਿਸ਼ਵ ਵਿਆਪੀ ਪ੍ਰਬੰਧਾਂ ਦੇ ਅਨੁਕੂਲ ਨਹੀਂ ਹੈ। ਸੰਗਠਨ ਦੀ ਇੱਕ ਜਾਣਕਾਰੀ ਦੇ ਮੁਤਾਬਕ, ਡਬਲਯੂਟੀਓ ਡਿਸਪਿਊਟ ਸੈਟਲਮੈਂਟ ਯੂਨਿਟ ਨੇ ਸੰਯੁਕਤ ਰਾਜ ਦੀ ਸ਼ਿਕਾਇਤ ਦੀ ਜਾਂਚ ਕਰਨ ਲਈ ਇੱਕ ਕਮੇਟੀ ਬਣਾਈ ਹੈ।
ਇਹ ਵੀ ਪੜ੍ਹੋ: ਸਾਲ 2019 ਵਿੱਚ ਇੰਟਰਨੈਟ ਸੇਵਾਵਾਂ ਬੰਦ ਹੋਣ ਕਾਰਨ ਹੋਇਆ 92 ਅਰਬ ਰੁਪਏ ਦਾ ਨੁਕਸਾਨ
ਵਿਸ਼ਵ ਵਪਾਰ ਸੰਗਠਨ ਦੇ ਡਿਸਪਿਊਟ ਸੈਟਲਮੈਂਟ ਦੀ ਪ੍ਰਕਿਰਿਆ ਦਾ ਪਹਿਲਾ ਕਦਮ ਸਲਾਹ-ਮਸ਼ਵਰੇ ਲਈ ਬੇਨਤੀ ਕਰਨਾ ਹੁੰਦਾ ਹੈ। ਇਹ ਧਿਰਾਂ ਨੂੰ ਬਿਨਾਂ ਮੁਕੱਦਮੇ ਦੇ ਆਪਸੀ ਗੱਲਬਾਤ ਰਾਹੀਂ ਵਿਵਾਦ ਨੂੰ ਸੁਲਝਾਉਣ ਲਈ ਸਮਾਂ ਦਿੰਦਾ ਹੈ। ਜੇ 60 ਦਿਨਾਂ ਦੇ ਅੰਦਰ ਕੋਈ ਮੇਲ-ਮਿਲਾਪ ਨਾ ਹੋਇਆ ਤਾਂ ਸ਼ਿਕਾਇਤਕਰਤਾ ਕਮੇਟੀ ਨੂੰ ਨਿਆਂ ਕਰਨ ਦੀ ਬੇਨਤੀ ਕਰ ਸਕਦਾ ਹੈ।