ਨਵੀਂ ਦਿੱਲੀ: ਸੈਰ-ਸਪਾਟਾ ਉਦਯੋਗ ਦੀ ਇੱਕ ਸੰਗਠਨ ਇੰਡੀਅਨ ਐਸੋਸੀਏਸ਼ਨ ਆਫ਼ ਟੂਰ ਆਪ੍ਰੇਟਰਜ਼ (ਆਈ.ਏ.ਟੀ.ਓ.) ਨੇ ਸੋਮਵਾਰ ਨੂੰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਖੇਤਰ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰੇ। ਸੈਰ ਸਪਾਟਾ ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜੋ ਕੋਵਿਡ-19 ਸੰਕਰਮਣ ਦੁਆਰਾ ਪ੍ਰਭਾਵਿਤ ਹਨ।
ਆਈਏਟੀਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਹੁਤ ਸਾਰੇ ਟੂਰ ਆਪ੍ਰੇਟਰਾਂ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਪਿਆ ਹੈ ਜਾਂ ਜ਼ਿਆਦਾਤਰ ਨੂੰ ਲੰਮੀ ਛੁੱਟੀ ਉੱਤੇ ਭੇਜ ਦਿੱਤਾ ਗਿਆ ਹੈ।
ਹੁਣ ਜਿਹੜੇ ਬਚੇ ਹਨ ਉਨ੍ਹਾਂ ਨੂੰ ਆਮ ਦਿਨਾਂ ਦੇ ਮੁਕਾਬਲੇ 30 ਫ਼ੀਸਦੀ ਤਨਖ਼ਾਹ ਮਿਲ ਰਹੀ ਹੈ। ਬਿਆਨ ਦੇ ਅਨੁਸਾਰ ਇਸ ਨੂੰ ਧਿਆਨ ਵਿੱਚ ਰੱਖਦਿਆਂ ਆਈਏਟੀਓ ਨੇ ਸਰਕਾਰ ਦੇ ਸਾਹਮਣੇ ਕਈ ਸੁਝਾਅ ਰੱਖੇ ਹਨ। ਇਸ ਵਿੱਚ ਟੂਰ ਆਪ੍ਰੇਟਰਾਂ ਨੂੰ 2018-19 ਦੀ ਬੈਲੈਂਸ ਸ਼ੀਟ ਦੇ ਅਨੁਸਾਰ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਲਈ ਸਪਸ਼ਟ ਵਿੱਤੀ ਗ੍ਰਾਂਟ ਦੇਣਾ ਸ਼ਾਮਿਲ ਹੈ।
ਆਈਏਟੀਓ ਦੇ ਮੁਖੀ ਪ੍ਰਣਬ ਸਰਕਾਰ ਨੇ ਕਿਹਾ ਕਿ ਸੈਰ-ਸਪਾਟਾ ਉਦਯੋਗ ਬਹੁਤ ਦਬਾਅ ਵਿੱਚੋਂ ਲੰਘ ਰਿਹਾ ਹੈ। ਇਸ ਨੂੰ ਤੁਰੰਤ ਸਰਕਾਰ ਦੀ ਸਹਾਇਤਾ ਦੀ ਲੋੜ ਹੈ। ਇਸ ਤੋਂ ਇਲਾਵਾ ਸੰਸਥਾ ਨੇ ਸਰਵਿਸ ਐਕਸਪੋਰਟ ਇੰਡੀਆ ਸਕੀਮ (ਐਸਈਐਸ) ਦੇ ਅਧੀਨ ਡਿਊਟੀ ਦੀ ਵਾਪਸੀ ਨੂੰ 7 ਫ਼ੀਸਦੀ ਤੋਂ ਵਧਾ ਕੇ 10 ਫ਼ੀਸਦੀ ਕਰਨ ਦਾ ਸੁਝਾਅ ਵੀ ਦਿੱਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਕਲਪ ਨਾਲ ਟੂਰ ਆਪ੍ਰੇਟਰਾਂ ਦੀ ਨਕਦੀ ਦੀ ਸਮੱਸਿਆ ਕੁਝ ਹੱਦ ਤੱਕ ਘੱਟ ਹੋਵੇਗੀ, ਕਿਉਂਕਿ ਹੁਣ ਤਾਂ ਟੂਰ ਆਪ੍ਰੇਟਰਾਂ ਦਾ ਧੰਦਾ ਹੀ ਠੱਪ ਹੈ।
ਆਈਏਟੀਓ ਨੇ ਸੂਖਮ, ਦਰਮਿਆਨੀ ਤੇ ਛੋਟੇ ਸਕੇਲ ਉਦਯੋਗ (ਐਮਐਸਐਮਈ) ਸ਼੍ਰੇਣੀ ਅਧੀਨ ਕਰਜ਼ਾ ਵੰਡ ਲਈ ਨਿਯਮਾਂ ਵਿਚ ਸੋਧ ਦਾ ਪ੍ਰਸਤਾਵ ਵੀ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਸਿਰਫ ਉਹੀ ਲੋਕ ਬੈਂਕ ਤੋਂ ਲਾਭ ਲੈ ਪਾਉਂਦੇ ਹਨ ਜਿਨ੍ਹਾਂ ਦੇ ਬੈਂਕ ਵਿੱਚ ਚੰਗੇ ਸੰਬੰਧ ਹਨ।