ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਤ ਕੀਤਾ। ਆਪਣੇ ਸੰਬੋਧਨ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 20 ਲੱਖ ਕਰੋੜ ਦੇ ਵਿਸ਼ੇਸ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਦੇ ਸੰਕਟ ਤੋਂ ਨਜਿੱਠਣ ਲਈ ਦੇਸ਼ 'ਚ 17 ਮਈ ਤੱਕ ਲੌਕਡਾਊਨ ਹੈ।
ਇਸ ਉੱਤੇ ਆਪਣੀ ਪ੍ਰਤਿਕਿਰਿਆ ਦਿੰਦਿਆਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਹਿਜ਼ ਇੱਕ ਹੈਡਲਾਈਨ ਤੇ ਸਧਾਰਣ ਕਾਗਜ਼ ਦਿੱਤਾ ਹੈ। ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਰਨ ਇਸ ਖਾਲ੍ਹੀ ਸਫ਼ੇ ਨੂੰ ਭਰਨਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਅਰਥਵਿਵਸਥਾ 'ਚ ਲਾਏ ਗਏ ਇੱਕ-ਇੱਕ ਰੁਪਏ ਦਾ ਹਿਸਾਬ ਰੱਖਣਗੇ। ਇਸ ਗੱਲ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇਗਾ ਕਿ ਕਿਸ ਨੂੰ ਕੀ ਮਿਲ ਰਿਹਾ ਹੈ। ਸਭ ਤੋਂ ਪਹਿਲਾਂ, ਇਹ ਵੇਖਣਾ ਹੋਵੇਗਾ ਕਿ ਉਨ੍ਹਾਂ ਗਰੀਬ ਅਤੇ ਭੁੱਖੇ ਪ੍ਰਵਾਸੀ ਮਜ਼ਦੂਰਾਂ ਨੂੰ ਕੀ ਮਿਲੇਗਾ ਜੋ ਕਿ ਆਪਣੇ ਘਰਾਂ ਨੂੰ ਜਾਣ ਲਈ ਹੁਣ ਤੱਕ ਸੈਂਕੜੇ ਕਿਲੋਮੀਟਰ ਪੈਦਲ ਚੱਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਵੀ ਵੇਖਣਗੇ ਕਿ 13 ਕਰੋੜ ਪਰਿਵਾਰਾਂ ਨੂੰ ਕੀ ਮਿਲੇਗਾ।
ਹੋਰ ਪੜ੍ਹੋ :20 ਲੱਖ ਕਰੋੜ ਦੇ ਰਾਹਤ ਪੈਕੇਜ ਰਾਹੀਂ ਗਰੀਬਾਂ, ਕਿਸਾਨਾਂ ਤੇ ਮੱਧ ਵਰਗ ਨੂੰ ਮਿਲੇਗੀ ਮਦਦ:ਅਮਿਤ ਸ਼ਾਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਭਾਰਤ ਨੂੰ ਸਵੈ-ਨਿਰਭਰ ਬਣਾਉਣ 'ਚ ਸਹਾਇਤਾ ਲਈ ਕੁੱਲ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ ਤੇ ਸਥਾਨਕ ਕਾਰੋਬਾਰਾਂ ਨੂੰ ਉਤਸ਼ਾਹਤ ਕਰਨ ਦੀ ਵਕਾਲਤ ਕੀਤੀ।
ਦੱਸ ਦਈਏ ਕਿ ਦੇਸ਼ 'ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ 74,000 ਤੋਂ ਪਾਰ ਹੋ ਗਈ ਹੈ। ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 2,300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 24 ਹਜ਼ਾਰ ਲੋਕ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਤਾਲਾਬੰਦੀ ਦਾ ਚੌਥਾ ਪੜਾਅ 18 ਮਈ ਤੋਂ ਲਾਗੂ ਹੋਵੇਗਾ।