ਪਣਜੀ: ਦੇਸ਼ ਭਰ ਵਿੱਚ ਲਾਏ ਗਏ ਲੌਕਡਾਊਨ ਦਾ ਸਾਰੇ ਪੱਧਰਾਂ 'ਤੇ ਮਾੜਾ ਪ੍ਰਭਾਵ ਪਿਆ ਹੈ। ਗੋਆ ਵੀ ਇਸਤੋਂ ਬਚਿਆ ਨਹੀਂ ਰਿਹਾ ਹੈ। ਲੌਕਡਾਊਨ ਦੇ ਚਲਦੇ ਇਥੋਂ ਦੇ ਸੈਰ-ਸਪਾਟਾ ਉਦਯੋਗ ਨੂੰ 1000 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪਿਆ ਹੈ।
ਗੋਆ ਵਿੱਚ ਚੈਂਬਰ ਆਫ਼ ਕਾਮਰਸ ਐਂਡ ਇੰਸਟਰੀ ਦੇ ਪ੍ਰਧਾਨ ਮਨੋਜ ਕਾਕੁਲੋ ਨੇ ਮੰਗਲਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਸਰਕਾਰੀ ਖਜ਼ਾਨੇ ਦੀ ਘਾਟ ਨੂੰ ਪੂਰਾ ਕਰਨ ਅਤੇ ਵੱਧ ਰੁਜ਼ਗਾਰ ਪੈਦਾ ਕਰਨ ਲਈ ਸੂਬਾ ਸਰਕਾਰ ਤੋਂ ਤੁਰੰਤ ਪ੍ਰਭਾਵ ਨਾਲ ਖੁਦਾਈ ਕੰਮਾਂ ਨੂੰ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।
ਕਾਕੁਲੋ ਨੇ ਇਥੇ ਆਪਣੇ ਇੱਕ ਬਿਆਨ ਵਿੱਚ ਕਿਹਾ, ''ਵੱਖ ਵੱਖ ਏਜੰਸੀਆਂ ਵੱਲੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਸੂਬੇ ਦਾ ਸੈਰ-ਸਪਾਟਾ ਉਦਯੋਗ ਇਥੋਂ ਦੇ ਸਰਕਾਰੀ ਖਜ਼ਾਨੇ ਦਾ ਸਭ ਤੋਂ ਵੱਡਾ ਸਾਧਨ ਹੈ। ਲੌਕਡਾਊਨ ਦੇ ਦੌਰਾਨ ਇਸ ਨੂੰ 1000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।''
ਕਾਕੁਲੋ ਨੇ ਗੋਆ ਵਿੱਚ ਖੁਦਾਈ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚੁੱਕੇ ਗਏ 'ਸਰਗਰਮ ਕਦਮਾਂ' ਦਾ ਸਵਾਗਤ ਕੀਤਾ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖਾਣ ਮੰਤਰੀ ਪ੍ਰਹਿਲਾ ਜੋਸ਼ੀ ਨਾਲ ਬੈਠਕਾਂ ਸ਼ਾਮਲ ਹਨ।
ਉਨ੍ਹਾਂ ਅੱਗੇ ਕਿਹਾ, ''ਖੁਦਾਈ ਗਤੀਵਿਧੀਆਂ ਦੇ ਮੁੜ ਚਾਲੂ ਹੋਣ ਨਾਲ ਰਾਇਲਟੀ ਅਤੇ ਕਰਾਂ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਵਿੱਚ ਵਾਧਾ ਹੋਵੇਗਾ, ਜਿਸ ਦੀ ਮੌਜੂਦਾ ਸਮੇਂ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਨਾਲ ਹੀ ਮਹਾਂਮਾਰੀ ਦੀ ਇਸ ਚੁਣੌਤੀਪੂਰਨ ਸਮੇਂ ਵਿੱਚ ਗੋਆ ਦੇ ਹਜ਼ਾਰਾਂ ਵਾਸੀਆਂ ਨੂੰ ਰੋਜ਼ੀ-ਰੋਟੀ ਦਾ ਇੱਕ ਮੁੱਖ ਸਾਧਨ ਵੀ ਪ੍ਰਾਪਤ ਹੋਵੇਗਾ।''