ਬਿਜ਼ਨਸ ਡੈਸਕ, ਈਟੀਵੀ ਭਾਰਤ : ਕਈ ਪ੍ਰਮੁੱਖ ਬੈਂਕਾਂ ਅਤੇ ਰੇਟਿੰਗ ਏਜੰਸੀਆਂ ਨੇ ਚਾਲੂ ਵਿੱਤ ਸਾਲ 'ਚ ਦੇਸ਼ ਦੇ ਸਕਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਭਾਰੀ ਗਿਰਾਵਟ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਤੇ ਇਸ ਦੀ ਰੋਕਥਾਮ ਲਈ ਮਾਰਚ ਤੋਂ ਲਾਗੂ ਲੌਕਡਾਊਨ ਕਾਰਨ ਆਰਥਿਕ ਕਾਰੋਬਾਰ ਬੂਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਕੇਂਦਰੀ ਅੰਕੜਾ ਦਫ਼ਤਰ 31 ਅਗਸਤ ਨੂੰ ਅਪ੍ਰੈਲ-ਜੂਨ 2020-21 ਲਈ ਜੀਡੀਪੀ ਦੇ ਅੰਕੜੇ ਜਾਰੀ ਕਰੇਗਾ।
ਬੈਂਕਾਂ ਅਤੇ ਰੇਟਿੰਗ ਏਜੰਸੀਆਂ ਦਾ ਮੰਨਣਾ ਹੈ ਕਿ ਜੀਡੀਪੀ ਦੇ ਅੰਕੜੇ 'ਚ ਕੋਵਿਡ-19 ਦੇ ਆਰਥਿਕ ਮਾੜੇ ਪ੍ਰਭਾਵ ਨਜ਼ਰ ਆਉਣਗੇ। ਉਥੇ, ਲੌਕਡਾਊਨ ਦੇ ਮਾੜੇ ਪ੍ਰਭਾਵਾਂ ਦੇ ਕਾਰਨ, ਪਹਿਲੀ ਤਿਮਾਹੀ ਦੀ ਆਰਥਿਕ ਪ੍ਰਦਰਸ਼ਨ ਨੂੰ ਲੈ ਕੇ ਬੇਹਦ ਜ਼ਿਆਦਾ ਅਨਿਸ਼ਚਿਤਤਾ ਵੇਖੀ ਜਾ ਸਕਦੀ ਹੈ।
ਕਿਹੜੇ ਸੈਕਟਰਾਂ 'ਚ ਜ਼ਿਆਦਾ ਗਿਰਾਵਟ ਦਾ ਹੈ ਖਦਸ਼ਾ
ਕੇਅਰ ਰੇਟਿੰਗ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਖੇਤੀਬਾੜੀ, ਮੱਛੀਪਾਲਣ ਤੇ ਲੋਕ ਪ੍ਰਸ਼ਾਸਨ, ਰੱਖਿਆ ਤੇ ਹੋਰਨਾ ਸੇਵਾਵਾਂ ਦੇ ਖ਼ੇਤਰ 'ਚ ਵਾਧੇ ਅਤੇ ਬਾਕੀ ਖ਼ੇਤਰਾਂ 'ਚ ਗਿਰਾਵਟ ਦਾ ਅਨੁਮਾਨ ਹੈ।
ਆਜ਼ਾਦੀ ਤੋਂ ਬਾਅਦ ਜੀਡੀਪੀ 'ਚ ਸਭ ਤੋਂ ਵੱਡੀ ਗਿਰਾਵਟ ਦੇ ਆਸਾਰ
ਇੰਫੋਸਿਸ ਦੇ ਸੰਸਥਾਪਕ ਐਨ ਆਰ ਨਾਰਾਇਣ ਮੂਰਤੀ ਵੀ ਡਰ ਪ੍ਰਗਟ ਕਰ ਚੁੱਕੇ ਹਨ, ਕਿ ਕੋਰੋਨਾ ਵਾਇਰਸ ਦੇ ਚਲਦੇ ਇਸ ਵਿੱਤੀ ਸਾਲ 'ਚ ਦੇਸ਼ ਦੀ ਆਰਥਿਕ ਗਤੀ ਆਜ਼ਾਦੀ ਮਗਰੋਂ ਸਭ ਤੋਂ ਮਾੜੇ ਹਲਾਤਾਂ 'ਚ ਹੋਵੇਗੀ।
ਅਮਰੀਕਾ, ਜਾਪਾਨ ਤੇ ਯੂਕੇ 'ਚ ਵੀ ਮਾੜੇ ਹਾਲਾਤ
ਅਪ੍ਰੈਲ ਤੋਂ ਜੂਨ ਦੀ ਤਿਮਾਹੀ ਅਮਰੀਕਾ ਦੇ ਸਕਲ ਘਰੇਲੂ ਉਤਪਾਦ 'ਚ 33 ਫੀਸਦੀ ਭਾਰੀ ਗਿਰਾਵਟ ਆਈ ਹੈ। ਉਥੇ ਹੀ ਜਾਪਾਨ ਦੀ ਜੀਡੀਪੀ 'ਚ 27.8 ਫੀਸਦੀ ਅਤੇ ਬ੍ਰਿਟੇਨ ਦੀ ਜੀਡੀਪੀ 'ਚ 20.4 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਅਪ੍ਰੈਲ-ਜੂਨ 'ਚ ਆਈ ਗਿਰਾਵਟ ਹੁਣ ਤੱਕ ਦੀ ਸਭ ਤੋਂ ਵੱਡੀ ਤਿਮਾਹੀ ਗਿਰਾਵਟ ਹੈ।