ਮੁੰਬਈ: ਯੂਐਸ ਦੀ ਬ੍ਰੋਕਰੇਜ ਕੰਪਨੀ ਗੋਲਡਮੈਨ ਸਾਕਸ ਦਾ ਮੰਨਣਾ ਹੈ ਕਿ ਮੌਜੂਦਾ ਆਰਥਿਕ ਸਾਲ ਦੌਰਾਨ ਭਾਰਤੀ ਅਰਥਚਾਰੇ ਵਿੱਚ 5 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ। ਇਹ ਇੱਕ ਸਾਲ ਦਾ ਭਾਰਤ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਹੋਵੇਗਾ।
ਆਪਣੀ ਤਾਜ਼ਾ ਰਿਪੋਰਟ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਦੇ ਮੁਕਾਬਲੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿੱਚ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) 45 ਪ੍ਰਤੀਸ਼ਤ ਘਟ ਸਕਦਾ ਹੈ।
ਇਹ ਸਥਿਤੀ ਤਾਲਾਬੰਦੀ ਕਾਰਨ ਆਰਥਿਕ ਗਤੀਵਿਧੀਆਂ ਦੇ ਨਿਰੰਤਰ ਬੰਦ ਹੋਣ ਕਾਰਨ ਪੈਦਾ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਮਕਾਜ ਦੇ ਮੁੜ ਚੱਲਣ ਨਾਲ ਜੀਡੀਪੀ ਵਿੱਚ ਸੁਧਾਰ ਹੋਵੇਗਾ।
ਕਈ ਏਜੰਸੀਆਂ ਭਾਰਤੀ ਆਰਥਿਕਤਾ ਵਿੱਚ ਮੰਦੀ ਦੀ ਭਵਿੱਖਬਾਣੀ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਵੱਲੋਂ 20 ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤੇ ਜਾਣ ਤੋਂ ਬਾਅਦ ਵੀ ਉਨ੍ਹਾਂ ਵਿੱਚ ਗਿਰਾਵਟ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਭੱਵਿਖ 'ਚ ਸੰਕਟ ਰੋਕਣ ਲਈ ਵਿਕਾਸਸ਼ੀਲ ਦੇਸ਼ਾਂ ਵਿੱਚ ਸਮਾਜਿਕ ਸੁਰੱਖਿਆ ਜ਼ਰੂਰੀ: ILO
ਗੋਲਡਮੈਨ ਸਾਕਸ ਨੇ ਪਹਿਲਾਂ 0.4 ਪ੍ਰਤੀਸ਼ਤ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਵਧਾ ਕੇ 5 ਪ੍ਰਤੀਸ਼ਤ ਕਰ ਦਿੱਤਾ। ਜਾਪਾਨੀ ਬ੍ਰੋਕਰੇਜ ਕੰਪਨੀ ਨੋਮੁਰਾ ਨੇ ਇਸ ਸੀਮਾ ਦੇ ਘਟਣ ਦੀ ਭਵਿੱਖਬਾਣੀ ਕੀਤੀ ਹੈ।
ਗੋਲਡਮੈਨ ਸਾਕਸ ਦੇ ਵਿਸ਼ਲੇਸ਼ਕ ਨੇ ਲਿਖਿਆ, "ਸਾਲ 2020–21 ਦੇ ਦੌਰਾਨ ਅਸੀਂ ਜੋ 5 ਪ੍ਰਤੀਸ਼ਤ ਗਿਰਾਵਟ ਦਾ ਅਨੁਮਾਨ ਲਗਾਇਆ ਹੈ, ਉਹ ਭਾਰਤ ਵਿੱਚ ਹੁਣ ਤੱਕ ਦੀਆਂ ਸਾਰੀਆਂ ਮੰਦੀਆਂ ਨਾਲੋਂ ਵੱਧ ਗਹਿਰੀ ਹੋਵੇਗੀ।"