ਨਵੀਂ ਦਿੱਲੀ: ਟਾਟਾ ਮੋਟਰਜ਼ ਨੇ ਵੀਰਵਾਰ ਨੂੰ ਕਿਹਾ ਕਿ ਉਹ ਬੱਸਾਂ ਬਣਾਉਣ ਵਾਲੇ ਸਾਂਝੇ ਉੱਦਮ ਟਾਟਾ ਮਾਰਕੋਪੋਲੋ ਮੋਟਰਜ਼ ਲਿਮਟਿਡ (ਟੀਐਮਐਲ) ਦੀ ਹਿੱਸੇਦਾਰੀ 100 ਕਰੋੜ ਰੁਪਏ ਵਿੱਚ ਖਰੀਦ ਲਵੇਗੀ।
ਸ਼ੇਅਰ ਮਾਰਕੀਟ ਨੂੰ ਭੇਜੇ ਗਏ ਇੱਕ ਰੈਗੂਲੇਟਰੀ ਨੋਟਿਸ ਵਿੱਚ ਟਾਟਾ ਮੋਟਰਜ਼ ਨੇ ਕਿਹਾ, “ਭਾਰਤ ਵਿੱਚ ਇੱਕ ਸਫਲ ਉੱਦਮ ਚਲਾਉਣ ਅਤੇ ਇੱਕ ਨਵੀਂ ਕਾਰੋਬਾਰੀ ਰਣਨੀਤੀ ਵੇਖਣ ਤੋਂ ਬਾਅਦ ਮਾਰਕੋਪੋਲੋ ਐਸਐਸ ਨੇ ਸੰਯੁਕਤ ਉੱਦਮ ਕੰਪਨੀ ਤੋਂ ਬਾਹਰ ਜਾਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਸੰਯੁਕਤ ਭਾਈਵਾਲ ਨੇ ਆਪਣੀ 49 ਫ਼ੀਸਦੀ ਹਿੱਸੇਦਾਰੀ ਕੰਪਨੀ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਹੈ।”
ਟਾਟਾ ਮੋਟਰਜ਼ ਨੇ ਦੱਸਿਆ ਕਿ ਉਸ ਨੇ ਅਤੇ ਮਾਰਕੋਪੋਲੋ ਐਸ.ਏ. ਨੇ ਇੱਕ ਸ਼ੇਅਰ ਖਰੀਦ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਕੰਪਨੀ ਟੀਐਮਐਮਐਲ ਦੇ ਸਾਂਝੇ ਉੱਦਮ ਵਿੱਚ ਬਾਕੀ 49 ਫ਼ੀਸਦੀ ਸ਼ੇਅਰਹੋਲਡਿੰਗ ਦੀ ਖਰੀਦ ਕਰੇਗੀ। ਇਹ ਸੌਦਾ 99.96 ਕਰੋੜ ਦੀ ਨਕਦ ਅਦਾਇਗੀ ਨਾਲ ਹੋਵੇਗਾ।
ਟਾਟਾ ਮੋਟਰਜ਼ ਨੇ ਕਿਹਾ ਕਿ ਇਸ ਨੇ ਸਾਂਝੇ ਉੱਦਮ ਭਾਈਵਾਲ ਤੋਂ 49 ਫ਼ੀਸਦੀ ਹਿੱਸੇਦਾਰੀ ਖਰੀਦਣ ਦਾ ਸਮਝੌਤਾ ਕੀਤਾ ਹੈ। ਟਾਟਾ ਮਾਰਕੋਪੋਲੋ ਮੋਟਰਜ਼ ਲਿਮਟਿਡ ਦਾ ਸਾਂਝਾ ਉੱਦਮ 2006 ਵਿੱਚ ਬਣਾਇਆ ਗਿਆ ਸੀ।
ਇਸ ਵਿੱਚ ਟਾਟਾ ਮੋਟਰਜ਼ ਦੀ 51 ਫ਼ੀਸਦੀ ਅਤੇ ਮਾਰਕੋਪੋਲੋ ਐਸ.ਏ. 49 ਫ਼ੀਸਦੀ ਹੈ। ਇਹ ਦੁਨੀਆ ਭਰ ਵਿੱਚ ਬੱਸ ਅਤੇ ਵੱਡੇ ਕੋਚ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਹੈ।
(ਪੀਟੀਆਈ-ਭਾਸ਼ਾ)