ਨਵੀਂ ਦਿੱਲੀ: ਆਨਲਾਇਨ ਹੋਟਲ ਬੁਕਿੰਗ ਸੁਵਿਧਾ ਦੇਣ ਵਾਲੀ OYO ਨੇ ਕੋਵਿਡ-19 ਸੰਕਟ ਦੇ ਚੱਲਦਿਆਂ ਛੁੱਟੀ ਉੱਤੇ ਭੇਜੇ ਗਏ ਸਾਰੇ ਕਰਮਚਾਰੀਆਂ ਨੂੰ ਕੰਪਨੀ ਦੇ ਸ਼ੇਅਰਾਂ ਵਿੱਚ ਹਿੱਸਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਕੰਪਨੀ 130 ਕਰੋੜ ਰੁਪਏ ਦੀ ਕਰਮਚਾਰੀ ਸ਼ੇਅਰ ਸਵੈ-ਯੋਜਨਾ (ਈਸਾਪ) ਲਿਆਏਗੀ।
ਕੰਪਨੀ ਦੇ ਸੰਸਥਾਪਕ ਰਿਤੇਸ਼ ਅਗਰਵਾਲ ਨੇ ਇਸ ਸਬੰਧ ਵਿੱਚ ਸੋਮਵਾਰ ਨੂੰ ਕੰਪਨੀ ਦੇ ਕਰਮਚਾਰੀਆਂ ਨੂੰ ਇੱਕ ਈ-ਮੇਲ ਭੇਜਿਆ। ਅਗਰਵਾਲ ਨੇ 8 ਅਪ੍ਰੈਲ ਨੂੰ ਕੰਪਨੀ ਦੇ ਕਰਮਚਾਰੀਆਂ ਨੂੰ ਇੱਕ ਚਿੱਠੀ ਅਤੇ ਵੀਡੀਓ ਸੰਦੇਸ਼ ਰਾਹੀਂ ਕਿਹਾ ਸੀ ਕਿ ਉਹ ਵਿਸ਼ਵੀ ਪੱਧਰ ਉੱਤੇ ਇੱਕ ਨਿਸ਼ਚਿਤ ਗਿਣਤੀ ਵਿੱਚ ਕਰਮਚਾਰੀਆਂ ਨੂੰ ਅਸਥਾਈ ਛੁੱਟੀ ਉੱਤੇ ਭੇਜਣਗੇ।
ਸੂਤਰਾਂ ਮੁਤਾਬਕ ਵਿਸ਼ਵੀ ਪੱਧਰ ਉੱਤੇ ਕੰਪਨੀ ਦੇ ਇਸ ਤਰ੍ਹਾਂ ਛੁੱਟੀ ਉੱਤੇ ਭੇਜੇ ਗਏ ਕਰਮਚਾਰੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਕੋਵਿਡ-19 ਸੰਕਟ ਨਾਲ ਪੈਦਾ ਰੁਕਾਵਟ ਦਾ ਉਨ੍ਹਾਂ ਉੱਤੇ ਅਸਰ ਘੱਟ ਤੋਂ ਘੱਟ ਹੋਵੇ ਇਸ ਲਈ ਕੰਪਨੀ ਨੇ ਈਸਾਪ ਯੋਜਨਾ ਪੇਸ਼ ਕੀਤੀ ਹੈ। ਹਾਲਾਂਕਿ ਕੰਪਨੀ ਨੇ ਆਪਣੇ ਪ੍ਰਭਾਵਿਤ ਕਰਮਚਾਰੀਆਂ ਦੀ ਗਿਣਤੀ ਦਾ ਖ਼ੁਲਾਸਾ ਨਹੀਂ ਕੀਤਾ ਹੈ।
ਅਗਰਵਾਲ ਨੇ ਆਪਣੇ ਈ-ਮੇਲ ਵਿੱਚ ਕਿਹਾ ਹੈ ਕਿ oyo ਦੇ ਲਈ ਦਿਖਾਏ ਗਏ ਤੁਹਾਡੇ ਪਿਆਰ ਅਤੇ ਯੋਗਦਾਨ ਦਾ ਮੈਂ ਸਨਮਾਨ ਕਰਨਾ ਚਾਹੁੰਦਾ ਹਾਂ, ਇਸ ਲਈ ਮੈਂ ਤੁਹਾਨੂੰ ਕੰਪਨੀ ਵਿੱਚ ਸ਼ੇਅਰਧਾਰਕ ਅਤੇ ਸਹਿ-ਮਾਲਕ ਬਣਾਉਣਾ ਚਾਹੁੰਦਾ ਹਾਂ। ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਸਾਰੇ ਪ੍ਰਭਾਵਿਤ ਕਰਮਚਾਰੀ ਓਏਓਪ੍ਰਨੇਓਰਜ਼ ਲਗਭਗ 130 ਕਰੋੜ ਰੁਪਏ ਦੀ ਈਸਾਪ ਯੋਜਨਾ ਦਾ ਲਾਭ ਲੈਣ ਦੇ ਯੋਗ ਹੋਣਗੇ।
ਕਰਮਚਾਰੀਆਂ ਨੂੰ ਉਨ੍ਹਾਂ ਨੂੰ ਦਿੱਤੇ ਗਏ ਸ਼ੇਅਰਾਂ ਦੀ ਜਾਣਕਾਰੀ ਅਲੱਗ-ਅਲੱਗ ਈ-ਮੇਲ ਉੱਤੇ ਦਿੱਤੀ ਜਾਵੇਗੀ।