ਨਵੀਂ ਦਿੱਲੀ : ਪੂੰਜੀ ਬਾਜ਼ਾਰ ਸੇਬੀ ਨੇ ਐੱਨਡੀਟੀਵੀ ਦੇ ਪ੍ਰਮੋਟਰ ਪ੍ਰਣੋਏ ਰਾਓ ਤੇ ਰਾਧਿਕਾ ਰਾਓ 'ਤੇ ਦੋ ਸਾਲਾਂ ਦੀ ਪਾਬੰਦੀ ਲੱਗਾ ਦਿੱਤੀ ਹੈ। ਇਸ ਦੌਰਾਨ ਉਹ ਖ਼ਰੀਦੋ-ਫ਼ਰੋਖਤ ਨਹੀਂ ਕਰ ਸਕਣਗੇ। ਦੋਵਾਂ ਉੱਤੇ ਗ਼ੈਰ-ਕਾਨੂੰਨੀ ਤਰੀਕੇ ਦੇ ਕਾਰੋਬਾਰ 'ਚ ਸ਼ਾਮਲ ਹੋਣ ਦੇ ਦੋਸ਼ ਹਨ।
ਭਾਰਤੀ ਸਕਿਓਰਟੀਜ਼ ਤੇ ਵਟਾਂਦਰਾ ਬੋਰਡ (ਸੇਬੀ) ਨੇ ਦੋਵਾਂ ਨੂੰ ਇਹ ਵੀ ਕਿਹਾ ਕਿ ਉਹ 12 ਸਾਲ ਪਹਿਲਾਂ ਗ਼ੈਰ-ਕਾਨੂੰਨੀ ਕਾਰੋਬਾਰ ਤੋਂ ਕਮਾਏ 16.97 ਕਰੋੜ ਰੁਪਏ ਵਾਪਸ ਕਰ ਦੇਣ। ਇੱਕ ਬਿਆਨ 'ਚ ਐੱਨਡੀਟੀਵੀ ਨੇ ਕਿਹਾ ਕਿ ਉਸ ਦੇ ਸੰਸਥਾਪਕਾਂ ਖ਼ਿਲਾਫ਼ ਸੇਬੀ ਦਾ ਫ਼ੈਸਲਾ ਤੱਥਾਂ ਦੇ ਗ਼ਲਤ ਮੁਲਾਂਕਣ ਉੱਤੇ ਆਧਾਰਿਤ ਹੈ। ਕੰਪਨੀ ਪੂੰਜੀ ਬਾਜ਼ਾਰ ਰੈਗੂਲੇਟਰੀ ਦੇ ਇਸ ਫ਼ੈਸਲੇ ਖ਼ਿਲਾਫ਼ ਤੁਰੰਤ ਅਪੀਲ ਕਰੇਗੀ।
ਸੇਬੀ ਨੇ ਪ੍ਰਣੋਏ ਤੇ ਰਾਧਿਕਾ ਰਾਓ ਤੋਂ ਇਲਾਵਾ ਸੱਤ ਹੋਰ ਵਿਅਕਤੀਆਂ ਅਤੇ ਇਕਾਈਆਂ ਨੂੰ ਵੀ 2 ਸਾਲਾਂ ਤੱਕ ਸ਼ੇਅਰ ਕਾਰੋਬਾਰ ਤੋਂ ਰੋਕ ਦਿੱਤਾ ਹੈ। ਇਨ੍ਹਾਂ ਵਿੱਚੋਂ ਕੁੱਝ ਨੂੰ ਕੀਮਤ ਸਬੰਧੀ ਸ਼ੇਅਰਾਂ ਦੀ ਖ਼ਰੀਦੋ-ਫ਼ਰੋਖਤ ਜ਼ਰੀਏ ਕੀਤੀ ਗਈ ਨਾਜਾਇਜ਼ ਕਮਾਈ ਵਾਪਸ ਕਰਨ ਲਈ ਕਿਹਾ ਗਿਆ ਹੈ।
ਸੇਬੀ ਦੇ ਆਦੇਸ਼ ਵਿੱਚ ਕੰਪਨੀ ਦੇ ਸਾਬਕਾ ਸੀਈਓ ਤੇ ਸੀਐੱਫਓ ਸਮੇਤ ਤਿੰਨ ਹੋਰ ਸਾਬਕਾ ਅਧਿਕਾਰੀਆਂ ਦੇ ਨਾਂਅ ਵੀ ਹਨ, ਜਿਨ੍ਹਾਂ 'ਤੇ ਜੁਰਮਾਨਾ ਲਗਾਇਆ ਗਿਆ ਹੈ। ਸੇਬੀ ਨੇ ਸਤੰਬਰ 2006 ਤੋਂ ਜੂਨ 2008 ਦੌਰਾਨ ਕੰਪਨੀ ਦੇ ਸ਼ੇਅਰਾਂ ਵਿੱਚ ਕਾਰੋਬਾਰ ਦੀ ਜਾਂਚ ਕਰਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ।
ਸੇਬੀ ਨੇ ਕਿਹਾ ਕਿ ਸਬੰਧਿਤ ਵਿਅਕਤੀ ਅਤੇ ਇਕਾਈ ਜਾਂ ਦੋਵੇਂ ਮਿਲ ਕੇ ਰਕਮ ਦਾ ਭੁਗਤਾਨ ਕਰ ਸਕਦੇ ਹਨ। ਉਨ੍ਹਾਂ ਨੂੰ ਇਹ ਰਕਮ 17 ਅਪ੍ਰੈਲ, 2008 ਤੋਂ ਭੁਗਤਾਨ ਦੀ ਮਿਤੀ ਤੱਕ 6 ਫ਼ੀਸਦੀ ਵਿਆਜ ਨਾਲ ਅਦਾ ਕਰਨੀ ਹੋਵੇਗੀ।