ਮੁੰਬਈ : ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਬੈਂਕ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਕਰਜ਼ ਲਈ ਬਾਹਰੀ ਮਾਪਦੰਡਾਂ ਉੱਤੇ ਆਧਾਰਿਤ ਆਪਣੀ ਵਿਆਜ਼ ਦਰਾਂ (ਈਬੀਆਰ) ਨੂੰ 0.25 ਫ਼ੀਸਦੀ ਘੱਟ ਕਰ ਕੇ 7.80 ਫ਼ੀਸਦੀ ਕਰਨ ਦਾ ਸੋਮਵਾਰ ਨੂੰ ਐਲਾਨ ਕੀਤਾ ਹੈ। ਹੁਣ ਤੱਕ ਇਹ ਦਰਾਂ 8.05 ਫ਼ੀਸਦੀ ਸੀ।
ਨਵੀਆਂ ਦਰਾਂ ਪਹਿਲੀ ਜਨਵਰੀ 2020 ਤੋਂ ਲਾਗੂ ਹੋਣਗੀਆਂ। ਬੈਂਕ ਦੇ ਇਸ ਫ਼ੈਸਲੇ ਨਾਲ ਉਸ ਦੇ ਮਕਾਨ ਲੋਨ ਉੱਤੇ ਵਿਆਜ਼ ਘੱਟ ਹੋ ਜਾਵੇਗਾ ਅਤੇ ਉਸ ਨਾਲ ਈਬੀਆਰ ਦੇ ਆਧਾਰ ਉੱਤੇ ਕਰਜ਼ ਲੈਣ ਵਾਲੇ ਸੂਖ਼ਮ, ਲਘੂ ਅਤੇ ਮੱਧਮ ਉੱਦਮਾਂ ਉੱਤੇ ਵਿਆਜ਼ ਦੇ ਬੋਝ ਵਿੱਚ ਪ੍ਰਤੀ ਸੈਂਕੜਾ 25 ਪੈਸੇ ਦੀ ਕਮੀ ਹੋ ਜਾਵੇਗੀ।
ਬੈਂਕ ਨਵੇਂ ਮਕਾਨ ਕਰਜ਼ ਸਲਾਨਾ 7.90 ਫ਼ੀਸਦੀ ਦੀ ਦਰ ਨਾਲ ਪੇਸ਼ ਕਰੇਗਾ। ਹੁਣ ਤੱਕ ਇਹ ਦਰ 8.15 ਫ਼ੀਸਦੀ ਸੀ। ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਮੁਤਾਬਕ, ਭਾਰਤੀ ਸਟੇਟ ਬੈਂਕ ਨੇ 1 ਅਕਤੂਬਰ 2019 ਤੋਂ ਈਬੀਆਰ ਆਧਾਰਤ ਵਿਆਜ਼ ਦੀ ਵਿਵਸਥਾ ਲਾਗੂ ਕੀਤੀ ਹੈ।
ਬੈਂਕ ਨੇ ਇਸ ਦੇ ਤਹਿਤ 1 ਅਕਤੂਬਰ 2016 ਤੋਂ ਸੂਖਮ, ਲਘੂ ਅਤੇ ਮੱਧਮ ਉੱਦਮਾਂ, ਮਕਾਨ ਖ਼ਰੀਦਦਾਰਾਂ ਅਤੇ ਖ਼ੁਦਰਾਂ ਗਾਹਕਾਂ ਲਈ ਪਰਿਵਰਤਨਸ਼ੀਲ ਦਰਾਂ ਉੱਤੇ ਲਈ ਗਏ ਕਰਜ਼ਿਆਂ ਦਾ ਵਿਆਜ਼ ਰਿਜ਼ਰਵ ਬੈਂਕ ਦੀ ਰੈਪੋ ਦਰ (ਜਿਸ ਦਰ ਉੱਤੇ ਉਹ ਬੈਂਕਾਂ ਨੂੰ ਤੁਰੰਤ ਜ਼ਰੂਰਤ ਲਈ ਨਕਦ ਧਨ ਦਿੰਦਾ ਹੈ) ਵਿੱਚ ਘੱਟ-ਵੱਧ ਦੇ ਆਧਾਰ ਉੱਤੇ ਘੱਟ-ਵੱਧ ਕਰਨ ਦਾ ਫ਼ੈਸਲਾ ਲਾਗੂ ਕੀਤਾ ਹੈ। ਇਸ ਦੇ ਤਹਿਤ ਬੈਂਕ 3 ਮਹੀਨੇ ਇੱਕ ਵਾਰ ਆਪਣੇ ਕਰਜ਼ ਦੀ ਵਿਆਜ਼ ਦਰਾਂ ਨੂੰ ਘੱਟ-ਵੱਧ ਕਰ ਸਕਦਾ ਹੈ।
ਭਾਰਤੀ ਰਿਜ਼ਰਵ ਬੈਂਕ ਨੇ ਇਸ ਸਾਲ ਫ਼ਰਵਰੀ ਤੋਂ ਕੁੱਲ ਮਿਲਾ ਕੇ ਰੈਪੋ ਦਰ 1.35 ਫ਼ੀਸਦੀ ਘੱਟ ਕੀਤੀ ਹੈ। ਲੇਕਿਨ ਬੈਂਕ ਉਸ ਦਾ ਲਾਭ ਗਾਹਕਾਂ ਨੂੰ ਦੇਣ ਵਿੱਚ ਹੌਲੇ ਰਹੇ ਹਨ। ਉਨ੍ਹਾਂ ਵੱਲੋਂ ਵਿਆਜ਼ ਵਿੱਚ ਔਸਤਨ 0.44 ਫ਼ੀਸਦੀ ਦੀ ਹੀ ਕਟੌਤੀ ਕੀਤੀ ਗਈ ਹੈ।