ਨਵੀਂ ਦਿੱਲੀ: ਅਰਬਪਤੀ ਕੋਰੋਬਾਰੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ 10 ਸਥਾਨਾਂ ਦੀ ਛਾਲ ਲਗਾ ਕੇ 'ਫ਼ਾਰਚਿਊਨ ਗਲੋਬਲ 500' ਸੂਚੀ ਦੀਆਂ ਸਿਖ਼ਰਲੀਆਂ 100 ਕੰਪਨੀਆਂ ਵਿੱਚ ਸ਼ਾਮਿਲ ਹੋ ਗਈ ਹੈ। ਫ਼ਾਰਚਿਊਨ ਮੈਗਜ਼ੀਨ ਨੇ ਮੰਗਲਵਾਰ ਨੂੰ ਇਹ ਸੂਚੀ ਜਾਰੀ ਕੀਤੀ ਹੈ।
ਤੇਲ, ਪੈਟਰੋ ਕੈਮੀਕਲਜ਼, ਪ੍ਰਚੂਨ ਤੇ ਦੂਰਸੰਚਾਰ ਵਰਗੇ ਖ਼ੇਤਰਾਂ ਵਿੱਚ ਕੰਮ ਕਰਨ ਵਾਲੀ ਰਿਲਾਇੰਸ ਨੂੰ ਫ਼ਾਰਚਿਊਨ ਦੀਆਂ 2020 ਦੀਆਂ ਗਲੋਬਲ ਕੰਪਨੀਆਂ ਦੀ ਸੂਚੀ ਵਿੱਚ 96 ਵਾਂ ਸਥਾਨ ਪ੍ਰਾਪਤ ਹੋਇਆ ਹੈ। ਫ਼ਾਰਚਿਊਨ ਦੀਆਂ ਸਿਖ਼ਰਲੀਆਂ 100 ਕੰਪਨੀਆਂ ਦੀ ਸੂਚੀ ਵਿੱਚ ਸ਼ਾਮਿਲ ਹੋਣ ਵਾਲੀ ਰਿਲਾਇੰਸ ਇਕੋ-ਇੱਕ ਭਾਰਤੀ ਕੰਪਨੀ ਹੈ। ਇਸ ਤੋਂ ਪਹਿਲਾਂ ਰਿਲਾਇੰਸ ਇਸ ਸੂਚੀ ਵਿੱਚ 2012 ਵਿੱਚ 99ਵੇਂ ਸਥਾਨ ਉੱਤੇ ਰਹੀ ਸੀ, ਪਰ ਅਗਲੇ ਸਾਲ ਵਿੱਚ ਡਿੱਗਦੇ ਹੋਏ 215ਵੇਂ ਸਥਾਨ ਉੱਤੇ ਪਹੁੰਚ ਗਈ ਸੀ। ਹਾਲਾਂਕਿ ਉਸ ਤੋਂ ਬਾਅਦ ਲਗਾਤਾਰ ਰਿਲਾਇੰਸ ਦੀ ਰੈਂਕਿੰਗ ਵਿੱਚ ਸੁਧਾਰ ਹੁੰਦਾ ਆ ਰਿਹਾ ਹੈ।
'ਫ਼ਾਰਚਿਊਨ ਗਲੋਬਲ 500' ਵਿੱਚ ਪਬਲਿਕ ਸੈਕਟਰ ਇੰਡੀਅਨ ਆਇਲ ਕਾਰਪੋਰੇਸ਼ਨ 34 ਅੰਕਾਂ ਨਾਲ 151 'ਤੇ ਖਿਸਕ ਗਈ ਹੈ। ਦੂਜੇ ਪਾਸੇ ਤੇਲ ਅਤੇ ਕੁਦਰਤੀ ਗ਼ੈਰ-ਕਾਰਪੋਰੇਸ਼ਨ (ਓ.ਐੱਨ.ਜੀ.ਸੀ.) ਦੀ ਰੈਂਕਿੰਗ ਪਿਛਲੇ ਸਾਲ ਦੇ ਮੁਕਾਬਲੇ 30 ਸਥਾਨ ਹੇਠਾਂ ਆਉਂਦਿਆਂ 190 ਹੋ ਗਈ ਹੈ।
'ਫ਼ਾਰਚਿਊਨ ਗਲੋਬਲ 500' ਵਿੱਚ ਪਿਛਲੇ ਵਿੱਤੀ ਸਾਲ ਦੀ ਕੁੱਲ ਆਮਦਨੀ ਦੇ ਅਧਾਰ ਉੱਤੇ ਕੰਪਨੀਆਂ ਸ਼ਾਮਿਲ ਹਨ। ਭਾਰਤ ਦੇ ਮਾਮਲੇ ਵਿੱਚ ਕੰਪਨੀਆਂ ਨੂੰ 31 ਮਾਰਚ 2020 ਨੂੰ ਖ਼ਤਮ ਹੋਏ ਵਿੱਤੀ ਸਾਲ ਦੇ ਨਤੀਜਿਆਂ ਦੇ ਅਧਾਰ ਉੱਤੇ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।
'ਫ਼ਾਰਚਿਊਨ ਗਲੋਬਲ 500' ਵਿੱਚ ਸਭ ਤੋਂ ਉੱਪਰ ਇਸ ਸਾਲ ਵਾਲਮਾਰਟ ਰਹੀ। ਇਸ ਤੋਂ ਬਾਅਦ ਤਿੰਨ ਚੀਨੀ ਕੰਪਨੀਆਂ ਸਿਨੋਪੈਕ ਸਮੂਹ, ਸਟੇਟ ਗਰਿੱਡ ਅਤੇ ਚਾਈਨਾ ਨੈਸ਼ਨਲ ਪੈਟਰੋਲੀਅਮ ਰਹੀਆਂ ਹਨ। ਸੂਚੀ ਵਿੱਚ ਪੰਜਵੇਂ ਸਥਾਨ ਉੱਤੇ ਰਾਇਲ ਡੱਚ ਸ਼ੈਲ ਤੇ ਛੇਵੇਂ ਸਥਾਨ ਉੱਤੇ ਅਰਬ ਦੀ ਪ੍ਰਮੁੱਖ ਤੇਲ ਕੰਪਨੀ ਅਰਮਕੋ ਰਹੀ ਹੈ।
ਸੂਚੀ ਵਿੱਚ ਵਾਲਮਾਰਟ, ਸਾਇਨੋਪੈਕ ਅਤੇ ਚਾਈਨਾ ਨੈਸ਼ਨਲ ਪੈਟਰੋਲੀਅਮ ਦੀ ਸਥਿਤੀ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਜਦੋਂ ਕਿ ਸਟੇਟ ਗਰਿੱਡ ਨੇ ਦੋ ਸਥਾਨ ਹਾਸਿਲ ਕੀਤੇ ਅਤੇ ਸ਼ੈਲ ਦੋ ਸਥਾਨ ਹੇਠਾਂ ਖਿਸਕ ਗਈ।