ਨਵੀਂ ਦਿੱਲੀ : ਭਾਰਤੀ ਰੇਲ ਦੀ ਪਹਿਲੀ ਨਿੱਜੀ ਰੇਲਗੱਡੀ ਤੇਜਸ ਐਕਸਪ੍ਰੈੱਸ ਨੂੰ ਆਪਣੀ ਚਲਾਈ ਦੇ ਪਹਿਲੇ ਮਹੀਨੇ ਅਕਤੂਬਰ ਵਿੱਚ 70 ਲੱਖ ਰੁਪਏ ਦਾ ਫ਼ਾਇਦਾ ਹੋਇਆ। ਸੂਤਰਾਂ ਮੁਤਾਬਕ ਇਸ ਰੇਲਗੱਡੀ ਨੂੰ ਟਿਕਟਾਂ ਦੀ ਵਿਕਰੀ ਤੋਂ ਲਗਭਗ 3.70 ਕਰੋੜ ਰੁਪਏ ਦੀ ਆਮਦਨ ਹੋਈ।
ਇਹ ਰੇਲਗੱਡੀ ਲਖਨਊ-ਦਿੱਲੀ ਮਾਰਗ ਉੱਤੇ ਚਲਾਈ ਜਾ ਰਹੀ ਹੈ। ਇਸ ਦੀ ਚਲਾਈ ਆਨਲਾਇਨ ਟਿਕਟ, ਭੋਜਨ ਅਤੇ ਸੈਰ-ਸਪਾਟੇ ਸਬੰਧੀ ਸੁਵਿਧਾਵਾਂ ਦੇਣ ਵਾਲੀ ਰੇਲਵੇ ਦੀ ਕੰਪਨੀ ਆਈਆਰਸੀਟੀਸੀ ਕਰ ਰਹੀ ਹੈ।
ਸਰਕਾਰ ਨੇ ਰੇਲਵੇ ਵਿੱਚ ਸੁਧਾਰ ਲਈ 50 ਸਟੇਸ਼ਨਾਂ ਨੂੰ ਵਿਸ਼ਵ-ਪੱਧਰੀ ਬਨਾਉਣ ਅਤੇ ਰੇਲਵੇ ਨੈੱਟਵਰਕ ਉੱਤੇ 150 ਯਾਤਰੀ ਰੇਲਗੱਡੀਆਂ ਦੀ ਚਲਾਈ ਦਾ ਠੇਕਾ ਨਿੱਜੀ ਇਕਾਈਆਂ ਨੂੰ ਦੇਣ ਦਾ ਟਿੱਚਾ ਰੱਖਿਆ ਹੈ। ਤੇਜਸ ਐਕਸਪ੍ਰੈੱਸ ਇਸੇ ਯੋਜਨਾ ਦਾ ਹਿੱਸਾ ਹੈ। ਇਹ ਗੱਡੀ 5 ਅਕਤੂਬਰ ਤੋਂ 28 ਅਕਤੂਬਰ ਤੱਕ 21 ਦਿਨਾਂ ਲਈ ਚਲਾਈ ਗਈ। ਇਸ ਦੀ ਸੇਵਾ ਹਫ਼ਤੇ ਵਿੱਚ 6 ਦਿਨ ਹੈ।
ਇਸ ਦੌਰਾਨ ਇਹ ਗੱਡੀ ਔਸਤਨ 80-85 ਫ਼ੀਸਦੀ ਭਰੀਆਂ ਸੀਟਾਂ ਦੇ ਨਾਲ ਚੱਲਦੀ ਹੈ। ਅਕਤੂਬਰ ਵਿੱਚ ਇਸ ਦੀ ਚਲਾਈ ਦਾ ਆਈਆਰਸੀਟੀਸੀ ਦਾ ਖ਼ਰਚ ਲਗਭਗ 3 ਕਰੋੜ ਰੁਪਏ ਰਿਹਾ। ਰੇਲਵੇ ਵਿਭਾਗ ਨੂੰ ਇਸ ਰੇਲਗੱਡੀ ਦੇ ਆਧੁਨਿਕ ਯਾਤਰੀ ਕਿਰਾਏ ਤੋਂ ਪ੍ਰਤੀ ਦਿਨ ਔਸਤਨ 17.50 ਲੱਖ ਰੁਪਏ ਦੀ ਆਮਦਨੀ ਹੋਈ ਜਦਕਿ 14 ਲੱਖ ਰੁਪਏ ਖ਼ਰਚ ਕਰਨਾ ਪਿਆ। ਤੇਜਸ ਐਕਸਪ੍ਰੈੱਸ ਵਿੱਚ ਭੋਜਨ, 25 ਲੱਖ ਰੁਪਏ ਤੱਕ ਦਾ ਮੁਫ਼ਤ ਯਾਤਰੀ ਬੀਮਾ ਅਤੇ ਦੇਰੀ ਉੱਤੇ ਮੁਆਵਜ਼ੇ ਵਰਗੀਆਂ ਸੁਵਿਧਾਵਾਂ ਹਨ।
ਇਹ ਵੀ ਪੜ੍ਹੋ : ਨਾਨ ਸਟਾਪ ਟ੍ਰੇਨ 'ਤੇਜਸ' ਦੇ ਅੰਬਾਲਾ ਤੇ ਕਰਨਾਲ 'ਚ ਲੱਗਣਗੇ ਬ੍ਰੇਕ