ਨਵੀਂ ਦਿੱਲੀ: ਸੂਚਨਾ ਤਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਮਾਇਕਰੋਸਾਫਟ ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਚੀਨੀ ਕੰਪਨੀ ਬਾਈਟਡਾਂਸ ਤੋਂ ਉਸ ਦੀ ਮਸ਼ਹੂਰ ਵੀਡੀਓ ਐਪ ਟਿਕ-ਟੌਕ ਦੀ ਅਮਰੀਕੀ ਸ਼ਾਖਾ ਨੂੰ ਖ਼ਰੀਦਣ ਦੀ ਗੱਲਬਾਤ ਚੱਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਅਜਿਹੀ ਖ਼ਰੀਦ ਦੇ ਸਬੰਧ ਵਿੱਚ ਸੁਰੱਖਿਆ ਅਤੇ ਸੈਂਸਰਸ਼ਿਪ ਨੂੰ ਲੈ ਕੇ ਉਨ੍ਹਾਂ ਦੀ ਚਿੰਤਾ ਬਾਰੇ ਵੀ ਚਰਚਾ ਕੀਤੀ ਹੈ।
ਇੱਕ ਬਿਆਨ ਵਿੱਚ ਕੰਪਨੀ ਨੇ ਕਿਹਾ ਕਿ ਮਾਇਕਰੋਸਾਫਟ ਅਤੇ ਬਾਈਟਡਾਂਸ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਟਿਕ-ਟੌਕ ਦੀ ਸੇਵਾ ਦਾ ਮਾਲਕਾਨਾ ਹੱਕ ਅਤੇ ਉਸ ਦੇ ਸੰਚਾਲਨ ਸਬੰਧੀ ਇੱਕ ਸਮਝੌਤਾ ਕਰਨ ਦੀ ਆਪਣਾ ਮੰਸ਼ਾ ਨੂੰ ਲੈ ਕੇ ਇੱਕ ਨੋਟਿਸ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਉਮੀਦ ਹੈ ਕਿ ਇਹ ਗੱਲਬਾਤ 15 ਸਤੰਬਰ ਤੱਕ ਪੂਰੀ ਹੋ ਜਾਵੇਗੀ।
ਜ਼ਿਕਰ ਕਰ ਦਈਏ ਕਿ ਟਰੰਪ ਨੇ ਸ਼ੁੱਕਰਵਾਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਵਿੱਚ ਟਿਕ-ਟੌਕ ਬੰਦ ਕਰਨ ਬਾਰੇ ਸੋਚ ਰਹੀ ਹੈ।