ਲੁਧਿਆਣਾ : ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਕਰਕੇ ਕਰਫ਼ਿਊ ਲੱਗਿਆ ਹੋਇਆ ਹੈ ਅਤੇ ਅਜਿਹੇ ਵਿੱਚ ਲੋਕਾਂ ਤੱਕ ਪੈਨਸ਼ਨ ਪਹੁੰਚਾਉਣੀ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਸੀ ਕਿਉਂਕਿ ਬੈਂਕ ਸੇਵਾਵਾਂ ਬੰਦ ਨੇ ਅਤੇ ਏਟੀਐਮ ਮਸ਼ੀਨਾਂ ਵਿੱਚ ਪੈਸੇ ਨਹੀਂ ਹਨ।
ਕੋਰੋਨਾ ਵਾਇਰਸ ਕਰ ਕੇ ਲੋਕ ਵੀ ਘਰੋਂ ਬਾਹਰ ਨਹੀਂ ਆ ਸਕਦੇ, ਇਸ ਕਰਕੇ ਹੁਣ ਸਰਕਾਰ ਵੱਲੋਂ ਡਾਕਖ਼ਾਨਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਅਤੇ ਹੁਣ ਡਾਕੀਏ ਰਾਹੀਂ ਚਾਰ ਤਰ੍ਹਾਂ ਦੀ ਪੈਨਸ਼ਨ ਲੋਕਾਂ ਦੇ ਘਰ-ਘਰ ਤੱਕ ਪਹੁੰਚਾਈ ਜਾਵੇਗੀ। ਇਸ ਤੋਂ ਇਲਾਵਾ ਪੇਂਡੂ ਡਾਕ ਘਰਾਂ ਤੋਂ ਇੰਡੀਅਨ ਪੋਸਟ ਪੇਮੈਂਟ ਬੈਂਕ ਰਾਹੀਂ ਕਿਸੇ ਵੀ ਸਰਕਾਰੀ ਬੈਂਕ ਦੇ ਖ਼ਾਤਾਧਾਰਕ 10 ਹਜ਼ਾਰ ਰੁਪਏ ਤੱਕ ਕਢਵਾ ਸਕਣਗੇ।
ਇਸ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਸੀਨੀਅਰ ਸੁਪਰੀਡੈਂਟ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਬਾਇਓਮੈਟ੍ਰਿਕ ਅਤੇ ਆਧਾਰ ਰਾਹੀਂ ਲੋਕ ਇਸ ਸਕੀਮ ਦੇ ਤਹਿਤ 10 ਹਜ਼ਾਰ ਰੁਪਏ ਤੱਕ ਕਢਵਾ ਸਕਣਗੇ। ਇਸ ਦੇ ਨਾਲ ਚਾਰ ਤਰ੍ਹਾਂ ਦੀ ਪੈਨਸ਼ਨ ਲਈ ਪਿੰਡਾਂ ਤੱਕ ਪਹੁੰਚਾਉਣ ਲਈ ਡਾਕੀਏ ਉਨ੍ਹਾਂ ਦੇ ਘਰ ਘਰ ਜਾ ਕੇ ਇਹ ਪੈਨਸ਼ਨ ਵੱਢਣਗੇ। ਉਨ੍ਹਾਂ ਦੱਸਿਆ ਕਿ ਇਹ ਸਭ ਸੁਰੱਖਿਅਤ ਹੋਵੇਗਾ।
ਇਸ ਤੋਂ ਇਲਾਵਾ ਬੈਂਕਾਂ ਦੇ ਬਾਹਰ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਦੀ ਵੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਡਾਟਾ ਮੁਤਾਬਕ 29 ਹਜ਼ਾਰ ਪੈਨਸ਼ਨ ਧਾਰਕਾਂ ਦਾ ਉਨ੍ਹਾਂ ਕੋਲ ਡਾਟਾ ਭੇਜਿਆ ਗਿਆ ਹੈ ਅਤੇ ਉਹ ਕੱਲ੍ਹ ਤੋਂ ਹੀ ਇਸ ਦੀ ਸ਼ੁਰੂਆਤ ਕਰ ਕੇ ਲਗਭਗ ਸਾਰੇ ਹੀ ਲੋਕਾਂ ਨੂੰ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਿੱਚ ਗ੍ਰਾਮੀਣ ਡਾਕ ਘਰਾਂ ਦੀ ਮਦਦ ਵੀ ਲਈ ਜਾਵੇਗੀ।