ਨਵੀਂ ਦਿੱਲੀ : ਸਰਕਾਰ ਨੇ ਜਾਂਚ ਕਿੱਟ (ਡਾਇਗਨਾਸਟਿਕ ਕਿੱਟ) ਦੇ ਨਿਰਯਾਤ ਉੱਤੇ ਤੱਤਕਾਲ ਪ੍ਰਭਾਵ ਤੋਂ ਰੋਕ ਲਾ ਦਿੱਤੀ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਫੈਲਣ ਦੇ ਦਰਮਿਆਨ ਸਰਕਾਰ ਨੇ ਜਾਂਚ ਕਿੱਟ ਦੇ ਨਿਰਯਾਤ ਨੂੰ ਰੋਕਣ ਦੇ ਲਈ ਇਹ ਕਦਮ ਚੁੱਕਿਆ ਹੈ।
ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (DGFT) ਵੱਲੋਂ ਸ਼ਨਿਚਰਵਾਰ ਨੂੰ ਜਾਰੀ ਸੂਚਨਾ ਵਿੱਚ ਕਿਹਾ ਗਿਆ ਹੈ ਕਿ ਜਾਂਚ ਕਿੱਟ ਦੇ ਨਿਰਯਾਤ ਉੱਤੇ ਤੱਤਕਾਲ ਪ੍ਰਭਾਵ ਨਾਲ ਰੋਕ ਲਾਈ ਜਾਂਦੀ ਹੈ।
ਸੂਚਨਾ ਵਿੱਚ ਕਿਹਾ ਗਿਆ ਹੈ ਕਿ ਇਸ ਕਦਮ ਨਾਲ ਕੋਵਿਡ-19 ਨਾਲ ਨਿਪਟਣ ਵਿੱਚ ਮਦਦ ਮਿਲੇਗੀ, ਕਿਉਂਕਿ ਮਰੀਜ਼ਾਂ ਦੀ ਜਾਂਚ ਦੇ ਲਈ ਇਹ ਕਿੱਟ ਜ਼ਰੂਰੀ ਹੁੰਦੀ ਹੈ। ਇਸ ਤੋਂ ਪਹਿਲਾਂ ਜਾਂਚ ਕਿੱਟ ਦੇ ਨਿਰਯਾਤ ਉੱਤੇ ਕਿਸੇ ਪ੍ਰਕਾਰ ਦੀ ਰੋਕ ਨਹੀਂ ਸੀ।
ਇਸ ਦੇ ਨਿਰਯਾਤ ਉੱਤੇ ਰੋਕ ਦਾ ਮਤਲਬ ਹੈ ਕਿ ਹੁਣ ਨਿਰਯਾਤਕ ਨੂੰ ਵਿਦੇਸ਼ਾਂ ਵਿੱਚ ਖੇਪ ਭੇਜਣ ਦੇ ਲਈ DGFT ਤੋਂ ਲਾਇਸੰਸ ਲੈਣਾ ਪਵੇਗਾ।
(ਪੀਟੀਆਈ-ਭਾਸ਼ਾ)