ਨਵੀਂ ਦਿੱਲੀ: ਦੇਸ਼ ਨੂੰ ਵਿਕਾਸ ਦੇ ਰਾਹੇ ਪਾਉਣ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਨੇ ਦੇਸ਼ ਨੂੰ ਮੰਦੀ ਵੱਲ ਧੱਕੇਲ ਦਿੱਤਾ ਹੈ। ਸਤੰਬਰ ਤਿਮਾਹੀ ਵਿੱਚ ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸਤੰਬਰ ਤਿਮਾਹੀ 'ਚ ਆਰਥਕ ਵਿਕਾਸ ਦਰ 4.5 ਫੀਸਦੀ ਰਹਿ ਗਈ ਹੈ। ਜੋ ਕਿ ਪਿਛਲੇ 6 ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਦੇਸ਼ ਦੀ ਆਰਥਿਕਤਾ ਨੂੰ ਵੇਖਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਹੈ।
ਡਾ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਨੂੰ 8 ਤੋਂ 9 ਪ੍ਰਤੀਸ਼ਤ ਵਿਕਾਸ ਦਰ ਦੀ ਉਮੀਦ ਸੀ ਪਰ ਇਹ ਘਟ ਕੇ 4.5 ਫੀਸਦੀ ਹੋ ਗਈ ਹੈ, ਜੋ ਸਵੀਕਾਰਯੋਗ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਆਰਥਿਕਤਾ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਅਤੇ ਇਸ ਤੋਂ ਵੀ ਖ਼ਰਾਬ ਸਮਾਜ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਭਾਰਤੀ ਅਰਥਚਾਰੇ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਦੇ ਭਿਆਨਕ ਨਤੀਜਿਆਂ ਖ਼ਾਸਕਰ ਕਿਸਾਨਾਂ, ਨੌਜਵਾਨਾਂ ਅਤੇ ਗਰੀਬਾਂ ਉੱਤੇ ਹੋਏ ਅਸਰ ਤੋਂ ਮੁੰਹ ਨਹੀਂ ਮੋੜਿਆ ਜਾ ਸਕਦਾ।
ਡਾ ਮਨਮੋਹਨ ਸਿੰਘ ਨੇ ਕਿਹਾ, “ਅੱਜ ਜਾਰੀ ਕੀਤੇ ਗਏ ਜੀਡੀਪੀ ਦੇ ਅੰਕੜੇ ਦਰਸਾਉਂਦੇ ਹਨ ਕਿ ਵਿਕਾਸ ਦਰ ਘਟ ਕੇ 4.5 ਪ੍ਰਤੀਸ਼ਤ ਹੋ ਗਈ ਹੈ। ਦੇਸ਼ 8-9 ਫ਼ੀਸਦੀ ਦੇ ਵਾਧੇ ਦੀ ਉਮੀਦ ਕਰ ਰਿਹਾ ਸੀ, ਪਹਿਲੀ ਤਿਮਾਹੀ ਵਿੱਚ ਜੀਡੀਪੀ ਵਾਧਾ 5 ਫੀਸਦੀ ਤੋਂ ਘਟ ਕੇ ਦੂਜੀ ਤਿਮਾਹੀ ਵਿੱਚ 4.5 ਫੀਸਦੀ ਰਹਿ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।