ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਆਪਣੇ ਪੈਨਸ਼ਨਰਾਂ ਦੇ ਜੀਵਨ ਪ੍ਰਮਾਣ ਜਮ੍ਹਾ ਕਰਾਉਣ ਲਈ ਸਾਂਝਾ ਸੇਵਾ ਕੇਂਦਰਾਂ (ਸੀਐਸਸੀ) ਦੀ ਵਰਤੋਂ ਕਰੇਗਾ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਇਸ ਵਿੱਚ ਕਿਹਾ ਗਿਆ ਹੈ ਕਿ ਲਗਭਗ 65 ਲੱਖ ਪੈਨਸ਼ਨਰ ਆਪਣੀ ਜ਼ਿੰਦਗੀ ਦਾ ਸਬੂਤ 3.65 ਲੱਖ ਤੋਂ ਵੱਧ ਸੀਐਸਸੀ ਦੇ ਰਾਹੀਂ ਦੇ ਸਕਦੇ ਹਨ।
ਲੇਬਰ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਈਪੀਐਫਓ ਨੇ ਮੁਲਾਜ਼ਮ ਪੈਨਸ਼ਨ ਸਕੀਮ (ਈਪੀਐਸ) ਅਧੀਨ ਆਉਣ ਵਾਲੇ ਪੈਨਸ਼ਨਰਾਂ ਨੂੰ ਖ਼ਾਸਕਰ ਕੋਵਿਡ-19 ਮਹਾਂਮਾਰੀ ਦੇ ਦੌਰਾਨ ਘਰ-ਘਰ ਜਾ ਕੇ ਸੇਵਾ ਪਹੁੰਚਾਉਣ ਲਈ ਸੀਐਸਸੀ ਨਾਲ ਭਾਈਵਾਲੀ ਕੀਤੀ ਹੈ। ਇਸ ਦੇ ਜ਼ਰੀਏ ਪੈਨਸ਼ਨਰ ਆਪਣੀ ਡਿਜੀਟਲ ਲਾਈਫ ਸਰਟੀਫਿਕੇਟ ਦੇ ਸਕਦੇ ਹਨ।
ਈਪੀਐਸ ਪੈਨਸ਼ਨਰਾਂ ਨੂੰ ਪੈਨਸ਼ਨ ਜਾਰੀ ਰੱਖਣ ਲਈ ਹਰ ਸਾਲ ਜੀਵਨ ਦਾ ਸਬੂਤ ਦੇਣਾ ਪੈਂਦਾ ਹੈ। ਸੀਐਸਸੀ ਤੋਂ ਇਲਾਵਾ ਈਪੀਐਸ ਪੈਨਸ਼ਨਰ 135 ਖੇਤਰੀ ਦਫ਼ਤਰਾਂ ਅਤੇ 117 ਜ਼ਿਲ੍ਹਾ ਦਫ਼ਤਰਾਂ ਅਤੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਜ਼ਰੀਏ ਜੀਵਨ ਪ੍ਰਮਾਣ ਪੇਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ: ਕੰਪਨੀਆਂ ਵੱਲੋਂ ਨਿਰਦੇਸ਼ਕਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਹੁਣ ਜੀਐੱਸਟੀ ਦੇ ਅਧੀਨ
ਈਪੀਐਫਓ ਨੇ ਈਪੀਐਸ ਪੈਨਸ਼ਨਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸੇਵਾ ਡਲੀਵਰੀ ਏਜੰਸੀ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਹੈ। ਪੈਨਸ਼ਨਰ ਆਪਣੀ ਸਹੂਲਤ ਅਨੁਸਾਰ ਸਾਲ ਦੇ ਕਿਸੇ ਵੀ ਸਮੇਂ ਡਿਜੀਟਲ ਜੀਵਨ ਪ੍ਰਮਾਣ ਦੇ ਸਕਦੇ ਹਨ।
ਜਿੰਦਗੀ ਦਾ ਸਬੂਤ ਪੇਸ਼ ਕਰਨ ਦੀ ਤਾਰੀਕ ਤੋਂ ਇੱਕ ਸਾਲ ਤੱਕ ਯੋਗ ਰਹਿੰਦਾ ਹੈ। ਇਸ ਤੋਂ ਪਹਿਲਾਂ ਪੈਨਸ਼ਨਰਾਂ ਨੂੰ ਨਵੰਬਰ ਦੇ ਮਹੀਨੇ ਵਿੱਚ ਜੀਵਨ ਪ੍ਰਮਾਣ ਪ੍ਰਦਾਨ ਕਰਨਾ ਪੈਂਦਾ ਸੀ। ਕਈ ਵਾਰ ਪੈਨਸ਼ਨਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਪੈਨਸ਼ਨ ਬਾਰੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਆਉਂਦੀਆਂ ਸੀ।