ਜਲੰਧਰ: ਕਰੋਨਾ ਦੇ ਚੱਲਦੇ ਪਿਛਲੇ 6 ਮਹੀਨਿਆਂ ਤੋਂ ਤਕਰੀਬਨ ਸਾਰੇ ਵਪਾਰ ਘਾਟੇ ਵਿੱਚ ਚਲ ਰਹੇ ਹਨ। ਇਸੇ ਤਰ੍ਹਾਂ ਹੀ ਸ਼ਹਿਰ ਵਿੱਚ ਚੱਲਣ ਵਾਲੇ ਬੁਟੀਕ ਵੀ ਗ੍ਰਾਹਕਾਂ ਦੇ ਇੰਤਜ਼ਾਰ ਵਿੱਚ ਬੈਠੇ ਹਨ। ਕੋਰੋਨਾ ਮਹਾਂਮਾਰੀ ਜਾਂ ਲੌਕਡਾਊਨ ਦੌਰਾਨ ਬੁਟੀਕ ਮਾਲਕਾਂ ਜਾਂ ਉੱਥੇ ਕੰਮ ਕਰਦੇ ਲੋਕਾਂ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਉਨ੍ਹਾਂ ਨੂੰ ਕਿਨ੍ਹਾਂ ਕੁ ਨੁਕਸਾਨ ਹੋਇਆ ਹੈ ਇਸ ਸਬੰਧੀ ਈਟੀਵੀ ਭਾਰਤ ਦਾ ਟੀਮ ਨੇ ਬੁਟੀਕ ਮਾਲਕਾਂ ਨਾਲ ਗੱਲਬਾਤ ਕੀਤੀ ਹੈ।
ਗੱਲਬਾਤ ਦੌਰਾਨ ਬੁਟੀਕ ਦੀ ਮਾਲਕ ਦਵਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਤੋਂ ਪਹਿਲਾਂ ਬੁਟੀਕ 'ਚ ਸੂਟਾਂ ਦੀ ਭਰਮਾਰ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਸੂਟ ਬਣਾਉਣ ਵਾਲੇ ਦਿਨ ਰਾਤ ਮਸ਼ੀਨਾਂ 'ਤੇ ਰਹਿੰਦੇ ਸੂਟ ਤਿਆਰ ਕਰਦੇ ਅਤੇ ਮਾਲਕ ਗ੍ਰਾਹਕਾਂ ਨਾਲ ਰਾਬਤਾ ਬਣਾਉਂਦੇ ਉੱਥੇ ਹੀ ਹੁਣ ਕੋਰੋਨਾ ਕਾਰਨ ਬੁਟੀਕ ਸੁੰਨਸਾਨ ਪਏ ਹਨ। ਜਿਸ ਕਾਰਨ ਮਾਲਕਾਂ ਨੂੰ ਆਪਣੇ ਕਈ ਕਾਰੀਗਰ ਹਟਾਉਣੇ ਵੀ ਪਏ ਹਨ।
ਇੱਕ ਪਾਸੇ ਜਿੱਥੇ ਬੁਟੀਕ ਮਾਲਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਔਰਤਾਂ ਨੇ ਸੂਟ ਸਵਾਉਣੇ ਬੰਦ ਕਰ ਦਿੱਤੇ ਹਨ, ਉੱਥੇ ਹੀ ਆਮ ਗ੍ਰਾਹਕਾਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਮੰਦੀ ਚੱਲੀ ਹੋਈ ਹੈ ਅਤੇ ਹਰ ਤਰ੍ਹਾਂ ਦੇ ਸਮਾਗਮਾਂ 'ਤੇ ਰੋਕ ਵੀ ਲੱਗ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਹੁਣ ਸੂਟ ਸਵਾਉਣ ਦੀ ਲੋੜ ਹੀ ਨਹੀਂ ਪੈਂਦੀ।
ਬੁਟੀਕ ਮਾਲਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਕੋਲ ਇੱਕ ਦਿਨ 'ਚ 10 ਗ੍ਰਾਹਕ ਆਉਂਦੇ ਸਨ ਪਰ ਹੁਣ ਉਨ੍ਹਾਂ ਕੋਲ ਇੱਕ ਗ੍ਰਾਹਕ ਵੀ ਮੁਸ਼ਕਲ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਬੁਟੀਕ ਮਾਲਕਾਂ ਨੇ ਸਰਕਾਰ 'ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਮੁਸ਼ਕਲ ਦੇ ਨਾਲ ਅਰਥਵਿਵਸਥਾ ਲੀਹਾਂ 'ਤੇ ਆਈ ਸੀ ਪਰ ਸਰਕਾਰ ਦੇ ਫ਼ੈਸਲਿਆਂ ਨੇ ਮੁੜ ਸਭ ਕੁੱਝ ਬਰਬਾਦ ਕਰ ਦਿੱਤਾ ਹੈ।
ਇਸ ਤਰ੍ਹਾਂ ਕੋਰੋਨਾ ਮਹਾਂਮਾਰੀ ਦੌਰਾਨ ਛੋਟੇ ਮੱਧਮ ਅਤੇ ਵੱਡੇ, ਹਰ ਤਰ੍ਹਾਂ ਦੇ ਉਦਯੋਗਾਂ ਨੂੰ ਕਈ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ, ਅਤੇ ਲੋਕ ਲਗਾਤਾਰ ਸਰਕਾਰ ਦੇ ਚੁੱਕੇ ਕਦਮਾਂ ਦਾ ਵਿਰੋਧ ਵੀ ਕਰ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਇਨ੍ਹਾਂ ਵਪਾਰੀਆਂ ਦੀ ਆਵਾਜ਼ ਕਦੋਂ ਸੁਣੇਗੀ।