ਮੁੰਬਈ : ਸਰਕਾਰੀ ਜਹਾਜ਼ਰਾਨੀ ਕੰਪਨੀ ਏਅਰ ਇੰਡੀਆ ਨੇ ਐਤਵਾਰ ਨੂੰ ਕਿਹਾ ਕਿ ਤੇਲ ਕੰਪਨੀਆਂ ਦੇ ਨਾਲ ਭੁਗਤਾਨ ਦੇ ਮੁੱਧੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।
ਜਾਣਕਾਰੀ ਮੁਤਾਬਕ ਵੀਰਵਾਰ ਨੂੰ ਤੇਲ ਕੰਪਨੀਆਂ ਇੰਡੀਅਨ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਨੇ ਏਅਰ ਇੰਡੀਆ ਨੂੰ ਚਿੱਠੀ ਲਿਖ ਕੇ ਚੇਤਵਾਨੀ ਦਿੱਤੀ ਸੀ ਕਿ ਉਹ ਹਰ ਮਹੀਨੇ ਦੀ ਅਦਾਇਗੀ ਦਾ ਭੁਗਤਾਨ ਦੇਣਾ ਸ਼ੁਰੂ ਕਰੇ ਨਹੀਂ ਤਾਂ 18 ਅਕਤੂਬਰ ਤੋਂ 6 ਮੁੱਖ ਹਵਾਈ ਅੱਡਿਆਂ ਉੱਤੇ ਉਸ ਦੀ ਈਂਧਨ ਪੂਰਤੀ ਰੋਕ ਦਿੱਤੀ ਜਾਵੇਗੀ।
ਜਹਾਜ਼ਰਾਨੀ ਕੰਪਨੀ ਨੇ ਆਪਣੇ ਗਾਹਕਾਂ ਨੂੰ ਪਰਿਚਾਲਨ ਸਹੀ ਰਹਿਣ ਦਾ ਭਰੋਸਾ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਮੁੱਦੇ ਨੂੰ ਸੁਲਝਾਉਣ ਲਈ ਉਹ ਹਰ ਸੰਭਵ ਕਦਮ ਚੁੱਕ ਰਹੀ ਹੈ।
ਏਅਰ ਇੰਡੀਆ ਦੇ ਬੁਲਾਰੇ ਧੰਨਜਏ ਕੁਮਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਤੇਲ ਕੰਪਨੀਆਂ ਦੇ ਨਾਲ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਹੈ ਅਤੇ ਜਲਦ ਹੀ ਇਸ ਦਾ ਹੱਲ ਹੋ ਜਾਵੇਗਾ।
ਤੇਲ ਕੰਪਨੀਆਂ ਦਾ ਦਾਅਵਾ ਹੈ ਕਿ ਏਅਰ ਇੰਡੀਆ ਉੱਤੇ ਈਂਧਨ ਦਾ 5,000 ਕਰੋੜ ਰੁਪਏ ਦਾ ਬਕਾਇਆ ਹੈ। ਤੇਲ ਕੰਪਨੀਆਂ ਨੇ ਇਸ ਤੋਂ ਪਹਿਲਾਂ 5 ਅਕਤੂਬਰ ਨੂੰ ਏਅਰ ਇੰਡੀਆ ਨੂੰ ਕਿਹਾ ਸੀ ਕਿ ਜੇ ਉਸ ਨੇ ਹਰ ਮਹੀਨੇ ਦੀ ਅਦਾਇਗੀ ਦਾ ਭੁਗਤਾਨ ਨਹੀਂ ਕੀਤਾ ਤਾਂ 11 ਅਕਤੂਬਰ ਤੋਂ ਦੇਸ਼ ਦੇ 6 ਮੁੱਖ ਹਵਾਈ ਅੱਡਿਆਂ ਉੱਤੇ ਉਸ ਦੇ ਜਹਾਜ਼ਾਂ ਨੂੰ ਈਂਧਨ ਪੂਰਤੀ ਰੋਕ ਦਿੱਤੀ ਜਾਵੇਗੀ।
ਏਅਰ ਇੰਡੀਆ ਨੂੰ ਤੇਲ ਕੰਪਨੀਆਂ ਦੀ ਚੇਤਾਵਨੀ, ਪੈਸੇ ਨਾ ਦਿੱਤੇ ਤਾਂ ਨਹੀਂ ਮਿਲੇਗਾ ਈਂਧਨ