ਨਵੀਂ ਦਿੱਲੀ : ਜਨਤਕ ਖੇਤਰ ਦੀਆਂ ਦੂਰਸੰਚਾਰ ਕੰਪਨੀਆਂ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ) ਅਤੇ ਮਹਾਂਨਗਰ ਟੈਲੀਫ਼ੋਨ ਨਿਗਮ ਲਿਮਟਿਡ (ਐੱਮਟੀਐੱਨਐੱਲ) ਦੀ ਸਵੈ-ਇਛੁੱਕ ਸੇਵਾਮੁਕਤੀ (ਵੀਆਰਐੱਸ) ਯੋਜਨਾ ਮੰਗਲਵਾਰ ਭਾਵ ਕਿ 3 ਦਸੰਬਰ ਨੂੰ ਬੰਦ ਹੋ ਗਈ ਹੈ।
ਅਧਿਕਾਰੀ ਮੁਤਾਬਕ ਦੋਵੇਂ ਕੰਪਨੀਆਂ ਦੇ ਕੁੱਲ 92,700 ਕਰਮਚਾਰੀਆਂ ਨੇ ਵੀਆਰਐੱਸ ਲਈ ਅਰਜ਼ੀਆਂ ਦਿੱਤੀਆਂ ਹਨ। ਇਸ ਵਿੱਚ ਬੀਐੱਸਐੱਨਐੱਲ ਦੇ 78,300 ਕਰਮਚਾਰੀਆਂ ਅਤੇ ਐੱਮਟੀਐੱਨਐੱਲ ਦੇ 14,738 ਕਰਮਚਾਰੀਆਂ ਨੇ ਅਰਜ਼ੀਆਂ ਦਿੱਤੀਆਂ ਹਨ।
ਬੀਐੱਸਐੱਨਐੱਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀ ਕੇ ਪੁਰਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਸਰਕਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੋਜਨਾ ਬੰਦ ਹੋਣ ਦੇ ਸਮੇਂ ਤੱਕ ਲਗਭਗ 78,300 ਕਰਮਚਾਰੀਆਂ ਨੇ ਵੀਆਰਐੱਸ ਲਈ ਅਰਜ਼ੀਆਂ ਦਿੱਤੀਆਂ ਹਨ। ਇਹ ਸਾਡੇ ਬਿਲਕੁੱਲ ਸਾਡੇ ਮਿੱਥੇ ਮੁਤਾਬਕ ਹੈ। ਅਸੀਂ ਲਗਭਗ 82,000 ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਉਮੀਦ ਕਰ ਰਹੇ ਹਾਂ। ਵੀਆਰਐੱਸ ਲਈ ਅਰਜ਼ੀਆਂ ਦੇਣ ਵਾਲਿਆਂ ਤੋਂ ਇਲਾਵਾ 6,000 ਕਰਮਚਾਰੀ ਅਜਿਹੇ ਹਨ ਜੋ ਸੇਵਾ-ਮੁਕਤ ਹੋ ਗਏ ਹਨ।
ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀਆਂ ਨੇ ਵੀਆਰਐੱਸ ਲਈ ਅਰਜੀ ਕਰਨ ਦੀ ਅੰਤਿਮ ਮਿਤੀ 3 ਦਸੰਬਰ ਤੈਅ ਕੀਤੀ ਗਈ ਸੀ। ਐੱਮਟੀਐੱਨਐੱਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੁਨੀਲ ਕੁਮਾਰ ਨੇ ਕਿਹਾ ਕਿ ਕੰਪਨੀ ਦੇ ਕੁੱਲ 14,378 ਕਰਮਚਾਰੀਆਂ ਨੇ ਵੀਆਰਐੱਸ ਲਈ ਅਰਜ਼ੀਆਂ ਦਿੱਤੀਆਂ ਹਨ। ਸਾਡਾ ਟੀਚਾ 13,650 ਕਰਮਚਾਰੀਆਂ ਦਾ ਸੀ। ਕੁਮਾਰ ਨੇ ਕਿਹਾ ਕਿ ਇਸ ਤੋਂ ਪਹਿਲਾ ਸਾਡਾ ਸਲਾਨਾ ਤਨਖ਼ਾਹ ਬਿੱਲ 2,272 ਕਰੋੜ ਰੁਪਏ ਤੋਂ ਘੱਟ ਕੇ 500 ਕਰੋੜ ਰੁਪਏ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ 4,430 ਕਰਮਚਾਰੀ ਬਚਣਗੇ ਜੋ ਕੰਮਕਾਜ਼ ਲਈ ਕਾਫ਼ੀ ਹਨ।