ਨਵੀਂ ਦਿੱਲੀ: ਦੇਸ਼ ਦਾ ਆਮ ਬਜਟ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਰਮਨ ਨੇ ਪੇਸ਼ ਕਰ ਦਿੱਤਾ ਹੈ। ਇਸ ਬਜਟ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ। ਯੂਪੀਏ ਸਰਕਾਰ 'ਚ ਵਿੱਤ ਮੰਤਰੀ ਰਹੇ ਪੀ. ਚਿਦੰਬਰਮ ਨੇ ਇਸ ਬਜਟ ਨੂੰ ਖ਼ੋਖਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬਜਟ 'ਚ ਕੀ ਕਹਿਣਾ ਚਾਹੁੰਦੀ ਹੈ, ਇਹ ਸਪਸ਼ੱਟ ਨਹੀਂ ਹੈ। ਉਨ੍ਹਾਂ ਨਿਰਮਲਾ ਸੀਤਾਰਮਨ ਦੇ ਭਾਸ਼ਣ ਨੂੰ ਵੀ ਅਸਪਸ਼ਟ ਦੱਸਿਆ।
ਸਾਬਕਾ ਵਿੱਤ ਮੰਤਰੀ ਨੇ ਆਰਥਿਕ ਸਰਵੇਖਣ ਨੂੰ ਲੈ ਕੇ ਪ੍ਰਗਟਾਈ ਚਿੰਤਾ
ਉਨ੍ਹਾਂ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਬਜਟ ਦੇ ਭਾਸ਼ਣ ਨੂੰ ਸੁਣ ਕੇ ਤੁਸੀਂ ਇਹ ਨਹੀਂ ਜਾਣ ਸਕਦੇ ਕਿ ਸਰਕਾਰ ਕੀ ਕਹਿਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਇਹ ਨਹੀਂ ਦੱਸ ਰਹੀ ਕਿ ਫ਼ਿਸਕਲ ਘਾਟਾ ਕੀ ਹੈ? ਸਰਕਾਰ ਕਿਸ ਤੋਂ ਡਰ ਰਹੀ ਹੈ? ਇਸ ਦੇ ਨਾਲ ਹੀ ਚਿਦੰਬਰਮ ਨੇ ਕਿਹਾ ਕਿ ਇਸ ਬਜਟ 'ਚ ਡਿਫ਼ੈਂਸ, ਮਿਡ ਡੇਅ ਮੀਲ ਅਤੇ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਹੈ, ਜੋ ਕਈ ਸਵਾਲ ਖੜੇ ਕਰਦਾ ਹੈ।
ਚਿਦੰਬਰਮ ਨੇ ਦਾਅਵਾ ਕੀਤਾ ਕਿ ਵਿੱਤ ਮੰਤਰੀ ਨੇ ਕਿਸੇ ਨੂੰ ਵੀ ਰਾਹਤ ਨਹੀਂ ਪਹੁੰਚਾਈ ਹੈ? ਇਸ ਦੇ ਉਲਟ ਉਨ੍ਹਾਂ ਕਈ ਹੋਰਨਾਂ ਵਸਤਾਂ ਸਮੇਤ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਦਾ ਬੋਝ ਵਧਾ ਦਿੱਤਾ ਹੈ।
ਰੱਖਿਆ ਬਜਟ 'ਤੇ ਸਾਧਿਆ ਨਿਸ਼ਾਨਾ
ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਡਿਫੈਂਸ ਦੇ ਬਜਟ 'ਚ ਕਿੰਨਾਂ ਹਿੱਸਾ ਰੱਖਿਆ ਹੈ, ਇਸ ਬਾਰੇ ਵੀ ਦੇਸ਼ ਦੀ ਜਨਤਾ ਨੂੰ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਇਹ ਦੱਸਣਾ ਵੀ ਜਰੂਰੀ ਨਹੀਂ ਸਮਝਿਆ ਕਿ ਡਿਫੈਂਸ ਬਜਟ 'ਚ ਪਿਛਲੇ ਸਾਲ ਤੋਂ ਕਿੰਨਾ ਵਾਧਾ ਕੀਤਾ ਹੈ ਜਾਂ ਕਿੰਨਾਂ ਘਟਾਇਆ ਹੈ।