ਮੁਕਤਸਰ : ਮੁਕਤਸਰ ਦੇ ਪਿੰਡ ਛਾਪਿਆਂਵਾਲੀ ਵਿਖੇ ਅਧਿਆਪਕ ਵੱਲੋਂ ਪੰਜਵੀਂ ਜਮਾਤ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਬੱਚੇ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤ ਵਿਦਿਆਰਥੀ ਦੇ ਪਿਤਾ ਸਲੀਮ ਨੇ ਦੱਸਿਆ ਕਿ ਸਕੂਲ ਅੰਦਰ ਬੱਚੇ ਜਾਮਣ ਤੋੜਦੇ-ਤੋੜਦੇ ਲੜ ਪਏ ਤਾਂ ਅਧਿਆਪਕ ਨੇ ਉਨ੍ਹਾਂ ਦੇ ਪੁੱਤ ਨੂੰ ਡੰਡਿਆਂ ਨਾਲ ਕੁੱਟਿਆ। ਬੱਚਾ ਘਰ ਗਿਆ ਤਾਂ ਚੁੱਪ ਰਿਹਾ ਫੇਰ ਜਦੋਂ ਮਾਂ ਨਹਾਉਣ ਲੱਗੀ ਤਾਂ ਪਿੱਠ ਉਪਰ ਡੰਡਿਆਂ ਦੇ ਨਿਸ਼ਾਨ ਵੇਖ ਕੇ ਡਰ ਗਈ ਜਿਸ ਚੋਂ ਬਾਅਦ ਬੱਚੇ ਨੇ ਸਾਰੀ ਕਹਾਣੀ ਸੁਣਾਈ।
ਮਾਪੇ ਜਦੋਂ ਅਧਿਆਪਕ ਧਰਮਪਾਲ ਨੂੰ ਉਲਾਂਭਾ ਦੇਣ ਗਏ ਤਾਂ ਉਸ ਨੇ ਕਿਹਾ ਕਿ ਬੱਚਾ ਸਟਰਾਂਗ ਬਹੁਤ ਹੈ ਅਤੇ ਕੁੱਟ ਦੀ ਪਰਵਾਹ ਨਹੀਂ ਕਰਦਾ। ਬੱਚੇ ਦੇ ਪਿਤਾ ਸਲੀਮ ਨੇ ਦੱਸਿਆ ਕਿ ਅਧਿਆਪਕ ਤੇ ਪਿੰਡ ਦੇ ਕੁਝ ਵਿਅਕਤੀ ਗੁੰਮਰਾਹ ਕਰ ਰਹੇ ਹਨ ਕਿ 15 ਹਜ਼ਾਰ ਵਿਚ ਰਾਜ਼ੀਨਾਮਾ ਕਰ ਲਿਆ ਗੁਿਆ ਹੈ। ਸਲੀਮ ਨੇ ਕਿਹਾ ਕਿ ਉਹ ਇਨਸਾਫ਼ ਚਾਹੁੰਦੇ ਹਨ ਅਤੇ ਬਲਾਕ ਸਿੱਖਿਆ ਅਫ਼ਸਰ ਮਲੋਟ ਨੂੰ ਸ਼ਿਕਾਇਤ ਦੇ ਚੁੱਕੇ ਹਨ।
ਇਸ ਮਾਮਲੇ ਵਿਚ ਮਲੋਟ ਬਲਾਕ ਸਿੱਖਿਆ ਅਫਸਰ ਗੁਰਦੀਪ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਉਸ ਨੂੰ ਦੱਸਿਆ ਗਿਆ ਸੀ ਕਿ ਰਾਜ਼ੀਨਾਮਾ ਹੋ ਗਿਆ ਹੈ ਪਰ ਹੁਣ ਉਹ ਕਾਰਵਾਈ ਕਰਨਗੇ।