ਚੰਡੀਗੜ੍ਹ: ਲੋਕ ਸਭਾ ਹੋਵੇ ਜਾਂ ਵਿਧਾਨ ਸਭਾ ਕਾਂਗਰਸ ਦਾ ਇੱਕ ਹੀ ਦਾਅਵਾ ਕਿ ਸੂਬੇ ਚੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਪਰ ਦਾਅਵਿਆਂ ਦੇ ਉਲਟ ਨਸ਼ੇ ਦੀ ਓਵਰਡੋਜ਼ ਕਾਰਨ ਪੰਜਾਬ ਦੇ ਨੌਜਵਾਨਾਂ ਦੀਆਂ ਵੱਡੀ ਗਿਣਤੀ ਵਿੱਚ ਹੋ ਰਹੀਆਂ ਮੌਤਾਂ 'ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਚਿੰਤਾ ਜਤਾਈ ਹੈ।
ਇੱਕ ਬਿਆਨ ਰਾਹੀਂ ਖਹਿਰਾ ਨੇ ਪੰਜਾਬ ਦੇ ਚਿੰਤਾਂ ਜਨਕ ਹਲਾਤਾਂ 'ਤੇ ਚਰਚਾ ਕੀਤੇ ਜਾਣ ਲਈ ਸਰਬ ਪਾਰਟੀ ਮੀਟਿੰਗ ਬੁਲਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸੋਮਵਾਰ ਨਸ਼ੇ ਦੀ ਓਵਰਡੋਜ਼ ਕਾਰਨ 6 ਨੌਜਵਾਨ ਮੌਤ ਦੇ ਮੁੰਹ ਵਿੱਚ ਚਲੇ ਗਏ ਹਨ।
ਉਨ੍ਹਾਂ ਕਿਹਾ ਕਿ ਨਸ਼ੇ ਦੀ ਓਵਰਡੋਜ਼ ਨਾਲ ਵੱਧ ਰਹੀਆਂ ਮੌਤਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਨਸ਼ੇ ਦੇ ਮੁੱਦੇ 'ਤੇ ਝੂਠ ਬੋਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਸ ਲਈ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹਨ। ਖਹਿਰਾ ਨੇ ਕਿਹਾ ਕਿ ਨਸ਼ੇ ਦੇ ਤਸਕਰ ਵੱਧਣ ਲਈ ਕੈਪਟਨ ਅਤੇ ਬਾਦਲ ਦੋਵੇਂ ਹੀ ਬਰਾਬਰ ਦੇ ਦੋਸ਼ੀ ਹਨ।
ਖਹਿਰਾ ਨੇ ਕਿਹਾ ਕਿ ਸੂਬੇ ਦੇ ਕਾਲੇ ਦੌਰ ਦੌਰਾਨ ਹੋਏ ਕਤਲਾਂ ਨਾਲੋਂ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਜ਼ਿਆਦਾ ਹੈ। ਖਹਿਰਾ ਨੇ ਕਿਹਾ ਕਿ ਸੂਬੇ ਵਿੱਚ ਨਸ਼ੇ ਦੀ ਵਰਤੋਂ 'ਚ ਵਾਧਾ ਹੋ ਰਿਹਾ ਹੈ ਅਤੇ ਨਸ਼ਾ ਤਸਕਰ ਸਿਆਸੀ ਸਰਪ੍ਰਸਤੀ ਹੇਠ ਆਨੰਦ ਮਾਣ ਰਹੇ ਹਨ। ਸਰਕਾਰ ਦੇ ਬਦਲਣ ਨਾਲ ਪੰਜਾਬ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ ਪਹਿਲਾਂ ਅਕਾਲੀ ਨਸ਼ਾ ਤਸਕਰਾਂ ਤੋਂ ਪੈਸੇ ਖਾ ਰਹੇ ਸਨ ਅਤੇ ਹੁਣ ਕਾਂਗਰਸੀ ਲੀਡਰਾਂ ਦੀ ਵਾਰੀ ਹੈ।
ਖਹਿਰਾ ਨੇ ਕਿਹਾ ਕਿ ਹਾਲ ਹੀ ਵਿੱਚ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਸੰਦੀਪ ਗੋਇਲ ਨੇ ਇੱਕ ਸਮਾਗਮ ਵਿੱਚ ਮੰਨਿਆ ਸੀ ਕਿ ਪੁਲਿਸ ਵਿੱਚ ਕਾਲੀਆਂ ਭੇਡਾਂ ਹਨ ਜੋ ਕਿ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਹਨ। ਗੋਇਲ ਦਾ ਇਹ ਸੁਨੇਹਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਸੂਬੇ ਦੇ ਲੋਕਾਂ ਨੇ ਸੱਚ ਬੋਲੇ ਜਾਣ ਦੀ ਸ਼ਲਾਘਾ ਕੀਤੀ। ਖਹਿਰਾ ਨੇ ਕਿਹਾ ਕਿ ਗੋਇਲ ਦਾ ਭਾਸ਼ਣ ਅੱਖਾਂ ਖੋਲਣ ਵਾਲਾ ਅਤੇ ਕਾਂਗਰਸ ਸਰਕਾਰ ਦੇ ਮੂੰਹ ਉੱਪਰ ਕਰਾਰੀ ਚਪੇੜ ਹੈ।