ਮੁਹਾਲੀ: ਖੇਤੀ ਵਿਗਿਆਨੀਆਂ ਨੇ ਹੁਣ ਕਣਕ ਦੀਆਂ ਤਿੰਨ ਵੱਖ–ਵੱਖ ਰੰਗਾਂ ਦੀਆਂ ਕਿਸਮਾਂ ਤਿਆਰ ਕਰ ਲਈਆਂ ਹਨ। ਇੰਝ ਹੁਣ ਰੋਟੀ ਦਾ ਰੰਗ ਵੀ ਬਦਲ ਜਾਵੇਗਾ। 8 ਸਾਲਾਂ ਤੱਕ ਚੱਲਿਆ ਇਹ ਖੋਜ-ਕਾਰਜ ਮੁਹਾਲੀ ਦੇ 'ਨੈਸ਼ਨਲ ਐਗਰੀ ਫ਼ੂਡ-ਬਾਇਓਟੈਕਨਾਲੋਜੀ ਇੰਸਟੀਚਿਊਟ' 'ਚ ਕੀਤਾ ਗਿਆ ਹੈ। ਵਿਗਿਆਨੀਆਂ ਨੇ ਕਣਕ ਦੀਆਂ ਬੈਂਗਣੀ, ਕਾਲੇ ਤੇ ਨੀਲੇ ਰੰਗ ਦੀਆਂ ਤਿੰਨ ਕਿਸਮਾਂ ਵਿਕਸਤ ਕੀਤੀਆਂ ਹਨ। ਫ਼ਿਲਹਾਲ ਇਨ੍ਹਾਂ ਦੀ ਖੇਤੀ 700 ਏਕੜ ਤੋਂ ਵੱਧ ਰਕਬੇ ਵਿੱਚ ਕੀਤੀ ਗਈ ਹੈ। ਇਹ ਖੇਤੀ ਜਲੰਧਰ, ਪਟਿਆਲਾ ਤੋਂ ਲੈ ਕੇ ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੱਕ ਵਿੱਚ ਹੋ ਰਹੀ ਹੈ।
'ਅਮਰ ਉਜਾਲਾ' ਦੀ ਰਿਪੋਰਟ ਮੁਤਾਬਕ ਸੰਸਥਾਨ ਦੇ ਮੁੱਖ ਵਿਗਿਆਨੀ ਮੋਨਿਕਾ ਗਰਗ ਨੇ ਦੱਸਿਆ ਕਿ ਇਸ ਰੰਗੀਨ ਕਣਕ ਬਾਰੇ ਜਾਣਕਾਰੀ ਜਾਪਾਨ ਤੋਂ 2011 ਦੌਰਾਨ ਮਿਲੀ ਸੀ, ਫ਼ਿਰ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਈ ਸੀਜ਼ਨ ਤੱਕ ਪ੍ਰਯੋਗ ਕਰਨ ਤੋਂ ਬਾਅਦ ਇਸ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਜਿੱਥੇ ਆਮ ਕਣਕ ਦੀ ਪੈਦਾਵਾਰ 24 ਕੁਇੰਟਲ ਪ੍ਰਤੀ ਏਕੜ ਦੇ ਲਗਭਗ ਹੁੰਦੀ ਹੈ, ਉੱਥੇ ਹੀ ਰੰਗੀਨ ਕਣਕ ਦੀ ਪ੍ਰਤੀ ਏਕੜ ਪੈਦਾਵਾਰ 17 ਤੋਂ 20 ਕੁਇੰਟਲ ਹੁੰਦੀ ਹੈ।