ਸਾਊਥਹੈਂਪਟਨ: ਇੰਗਲੈਂਡ ਅਤੇ ਵੇਲਜ਼ 'ਚ ਖੇਡੇ ਜਾ ਰਹੇ ਵਿਸ਼ਵ ਕੱਪ 2019 ਦੇ 8ਵੇਂ ਮੈਚ 'ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੋਹਿਤ ਸ਼ਰਮਾ ਨੇ 122 ਦੌੜਾਂ ਦੀ ਪਾਰੀ ਖੇਡੀ ਤੇ ਆਖ਼ਰੀ ਤੱਕ ਡਟੇ ਰਹੇ। ਰੋਹਿਤ ਸ਼ਰਮਾ ਨੂੰ ਉਨ੍ਹਾਂ ਦੀ ਜੇਤੂ ਪਾਰੀ ਲਈ 'ਮੈਨ ਆਫ਼ ਦਿ ਮੈਚ' ਵੀ ਚੁਣਿਆ ਗਿਆ।
ਇਸਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ 228 ਦੌੜਾਂ ਦਾ ਟੀਚਾ ਦਿੱਤਾ। ਇਸ ਟੀਚੇ ਨੂੰ ਭਾਰਤ ਨੇ 15 ਗੇਂਦਾਂ ਪਹਿਲੇ ਹੀ ਹਾਸਿਲ ਕਰ ਲਿਆ। ਰੋਹਿਤ ਦੇ ਅਲਾਵਾ ਮਹਿੰਦਰ ਸਿੰਘ ਧੋਨੀ ਨੇ 34 ਅਤੇ ਲੋਕੇਸ਼ ਰਾਹੁਲ ਨੇ 28 ਦੌੜਾਂ ਦੀ ਪਾਰੀ ਖੇਡੀ। ਦੱਖਣੀ ਅਫ਼ਰੀਕਾ ਵੱਲੋਂ ਕ੍ਰਿਸ ਮੌਰਿਸ ਨੇ 42 ਦੌੜਾਂ ਬਣਾਈਆਂ, ਜਿਸ ਕਾਰਨ ਦੱਖਣੀ ਅਫ਼ਰੀਕਾ 228 ਦੌੜਾਂ ਤੱਕ ਪਹੁੰਚ ਪਾਈ।
ਭਾਰਤ ਵੱਲੋਂ ਯੁਜਵਿੰਦਰ ਚਹਿਲ ਨੇ 4 ਵਿਕਟ ਲਏ। ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੇ 2-2 ਵਿਕਟ ਲਏ। ਕੁਲਦੀਪ ਯਾਦਵ ਵੀ 1 ਵਿਕਟ ਲੈਣ 'ਚ ਸਫ਼ਲ ਹੋ ਹੋਏ।