ਅੰਮ੍ਰਿਤਸਰ: ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਤੋਂ ਬਾਅਦ ਜਾਰੀ ਤਣਾਅ ਵਿਚਕਾਰ ਸਮਝੌਤਾ ਐਕਸਪ੍ਰੈਸ ਰੱਦ ਕਰਨ ਤੋਂ ਬਾਅਦ ਹੁਣ ਲਾਹੌਰ-ਨਨਕਾਣਾ ਸਾਹਿਬ ਜਾਣ ਵਾਲੀ ਅੰਮ੍ਰਿਤਸਰ-ਲਾਹੌਰ ਬੱਸ ਸੇਵਾ ਨੂੰ ਵੀ ਬਰੇਕ ਲੱਗ ਗਈ ਹੈ। ਪੰਜਾਬ ਰੋਡਵੇਜ਼ ਦੇ ਜੀਐਮ ਵੱਲੋਂ ਬੱਸ ਸੇਵਾ ਨੂੰ ਬੰਦ ਕਰਨ ਦੀ ਪੁਸ਼ਟੀ ਕੀਤੀ ਗਈ ਹੈ।
ਦੱਸਦਈਏ ਕਿ ਭਾਰਤ ਸਰਕਾਰ ਵੱਲੋਂ ਧਾਰਾਵਾਂ 370 ਅਤੇ 35 ਏ ਵੱਡਾ ਫ਼ੈਸਲਾ ਲਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਆਪਣੇ ਰੇਲ ਡਰਾਈਵਰ ਤੇ ਗਾਰਡ ਹੱਥੋਂ ਭਾਰਤ ਭੇਜਣ ਲਈ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨ ਵੱਲੋਂ ਬੱਸ ਸੇਵਾ ਰੋਕਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਜਵਾਬ ਦਿੰਦੇ ਹੋਏ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਦਿੱਲੀ-ਲਾਹੌਰ ਬੱਸ ਸੇਵਾ ਵੀ ਰੱਦ ਕਰ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਇਸ ਬੱਸ ਸੇਵਾ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ।ਪਾਕਿਸਤਾਨ ਦੇ ਇੱਕ ਸੀਨੀਅਰ ਮੰਤਰੀ ਨੇ ਦੋਸਤੀ ਬੱਸ ਸੇਵਾ ਨੂੰ ਸੋਮਵਾਰ ਤੋਂ ਬੰਦ ਕਰਨ ਦਾ ਐਲਾਨ ਕੀਤਾ ਸੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਭਾਰਤ ਦੇ ਇਸ ਵੱਡੇ ਫੈਸਲੇ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੋਖਲਾ ਗਿਆ ਹੈ ਅਤੇ ਭਾਰਤ ਦੇ ਫੈਸਲੇ ਨੂੰ ਰੋਕਣ ਦੇ ਲੱਈ ਵਿਦੇਸ਼ੀ ਸਰਕਾਰਾਂ ਕੋਲ ਦਰਖ਼ਾਸਤ ਲੈ ਕੇ ਜਾ ਰਿਹਾ ਹੈ। ਜੰਮੂ ਕਸ਼ਮੀਰ ਵਿੱਚ ਫਿਲਹਾਲ ਸ਼ਾਂਤੀ ਦਾ ਮਾਹੋਲ ਹੈ।