ਦਿੱਲੀ: ਰਾਜਧਾਨੀ ਦੇ ਮੁਖਰਜੀ ਨਗਰ ਵਿੱਚ ਇੱਕ ਸਿੱਖ ਆਟੋ ਡਰਾਈਵਰ ਨੂੰ ਦਿੱਲੀ ਪੁਲਿਸ ਨੇ ਸੜਕ ਲੰਮੇ ਪਾ ਕੇ ਬੁਰੀ ਤਰ੍ਹਾਂ ਕੁੱਟਿਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਟੋ ਡਰਾਇਵਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੂਰੀ ਘਟਨਾ ਬਾਰੇ ਦੱਸਿਆ।
ਦਿੱਲੀ ਪੁਲਿਸ ਦੀ ਗੁੰਡਾ ਗਰਦੀ ਦਾ ਸ਼ਿਕਾਰ ਹੋਏ ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਉਸ ਨੂੰ ਪਹਿਲਾਂ ਨੇਹਰੂ ਗਾਰਡਨ ਕੋਲ, 'ਜਦ ਉਹ ਸਵਾਰੀਆਂ ਭਰ ਰਿਹਾ ਸੀ' ਬੁਰਾ ਭਲਾ ਕਿਹਾ ਜਿਸ ਦੇ ਜਵਾਬ ਵਿੱਚ ਉਸ ਦੇ ਬੇਟੇ ਨੇ ਹੱਥ ਜੋੜ ਕੇ ਘਟਨਾ ਨੂੰ ਟਾਲ ਦਿੱਤਾ।
ਪੀੜਤ ਨੇ ਕਿਹਾ ਕਿ ਜਦ ਉਹ ਸਵਾਰੀਆਂ ਭਰਨ ਤੋਂ ਬਾਅਦ ਧਾਣੇ ਕੋਲੋਂ ਦੀ ਜਾ ਰਿਹਾ ਸੀ ਤਾਂ ਉਕਤ ਪੁਲਿਸ ਵਾਲੇ ਨੇ ਉਸ ਨੂੰ ਹੱਥ ਦੇ ਕੇ ਰੋਕਿਆ ਅਤੇ ਫਿਰ ਪੁਲਿਸ ਵਾਲੇ ਨੇ ਹੋਰ ਪੁਲਿਸ ਵਾਲਿਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ। ਪੀੜਤ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਡੰਡਿਆਂ ਨਾਲ ਕੁੱਟਿਆ। ਫਿਰ ਇੱਕ ਪੁਲਿਸ ਵਾਲੇ ਨੇ ਉਸ ਨੂੰ ਕਵਰ ਕਰ ਲਈ ਫੜ ਲਿਆ ਅਤੇ ਦੂਜੇ ਪੁਲਿਸ ਵਾਲੇ ਉਸ 'ਤੇ ਡਾਂਗਾਂ ਵਰ੍ਹਾਂ ਰਹੇ ਸਨ। ਪੀੜਤ ਨੇ ਕਿਹਾ ਕਿ ਉਸ ਦੀ ਪੱਗ ਦੀ ਬੇਅਦਬੀ ਵੀ ਕੀਤੀ ਗਈ। ਪੀੜਤ ਨੇ ਕਿਹਾ ਕਿ ਪਹਿਲਾਂ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਸੜਕ 'ਤੇ ਕੁੱਟਿਆ ਗਿਆ ਅਤੇ ਫਿਰ ਥਾਣੇ ਅੰਦਰ ਲੈ ਜਾ ਕੇ ਵੀ ਕੁੱਟਿਆ ਗਿਆ।