ਨਵੀਂ ਦਿੱਲੀ: ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਬਣੀ ਹੈਲਥ ਸਕੀਮ- ਐਕਸ ਸਰਵਿਸਮੈਨ ਹੈਲਥ ਸਕੀਮ (ਈਸੀਐਚਐਸ) 'ਚ ਲਗਾਤਾਰ ਬੋਗਸ ਬਿੱਲ ਆ ਰਹੇ ਹਨ। ਸੂਤਰਾਂ ਦੇ ਮੁਤਾਬਕ ਸਾਲ ਵਿੱਚ ਵੱਖ-ਵੱਖ ਹਸਪਤਾਲਾਂ ਚੋਂ ਈਸੀਐਚਐਸ ਦੇ ਕੋਲ ਜਿੰਨੇਂ ਵੀ ਬਿੱਲ ਆ ਰਹੇ ਹਨ, ਉਹਨਾਂ ਚੋਂ 16-20 ਫ਼ੀਸਦੀ ਬਿੱਲ ਗ਼ਲਤ ਪਾਏ ਗਏ ਹਨ। ਪਿਛਲੇ ਸਾਲ ਦੇ ਕਰੀਬ 500 ਕਰੋੜ ਰੁਪਏ ਦੇ ਬਿੱਲ ਜਾਂ ਤਾਂ ਨਕਲੀ ਹਨ ਅਤੇ ਜਾਂ ਫ਼ਿਰ ਬਿਲਾਂ ਵਿੱਚ ਉਹ ਖ਼ਰਚਾ ਵੀ ਜੋੜ ਦਿੱਤਾ ਗਿਆ ਹੈ, ਜਿਹੜਾ ਇਲਾਜ ਹੀ ਨਹੀਂ ਹੋਇਆ। ਇਹਨਾਂ 'ਚ ਬਿਲਾਂ ਨੂੰ ਵਧਾ ਕੇ ਦੇਣ ਦੇ ਨਾਲ-ਨਾਲ ਬਿਨਾਂ ਜ਼ਰੂਰਤ ਬਿਮਾਰ ਨੂੰ ਦਾਖਲ ਕਰਨ ਦੇ ਮਾਮਲੇ ਵੀ ਹਨ।
ਸੂਤਰਾਂ ਦੀ ਮੰਨੀਏ ਤਾਂ ਆਰਮੀ ਵੱਲੋਂ ਕਈ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਭ੍ਰਿਸ਼ਟ ਕਾਰਨਾਂ ਦੀ ਵਜ੍ਹਾ ਨਾਲ ਈਸੀਐਚਐਸ ਪੈਨਲ ਤੋਂ ਬਾਹਰ ਕੱਢਣ ਦੀ ਸਿਫ਼ਾਰਿਸ਼ ਕੀਤੀ ਗਈ ਸੀ ਪਰ ਬਾਹਰੀ ਦਬਾਅ ਕਾਰਨ ਕੋਈ ਐਕਸ਼ਨ ਨਹੀਂ ਲਿਆ ਜਾ ਸਕਿਆ। ਖ਼ਬਰਾਂ ਇਹ ਵੀ ਸਨ ਕਿ ਭ੍ਰਿਸ਼ਟ ਪ੍ਰੈਕਟਿਸ ਦੀ ਜਾਣਕਾਰੀ ਆਰਮੀ ਦੇ ਨਾਲ-ਨਾਲ ਰੱਖਿਆ ਮੰਤਰਾਲੇ ਨੂੰ ਵੀ ਹੈ। ਈਸੀਐਚਐਸ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਇੱਕ ਕੈਸ਼ ਫ੍ਰੀ ਹੈਲਥ ਸਕੀਮ ਹੈ। ਇਸ ਸਕੀਮ ਦੇ 52 ਲੱਖ ਲਾਭ ਲੈਣ ਵਾਲੇ ਹਨ। ਦੇਸ਼ ਭਰ ਵਿੱਚ 2000 ਤੋਂ ਜ਼ਿਆਦਾ ਹਸਪਤਾਲ ਇਸ ਸਕੀਮ ਦੇ ਤਹਿਤ ਹਨ।